ਅਮਰੀਕਾ ‘ਚ ਮੁੜ ਭਾਰਤੀ ਵਿਦਿਆਰਥੀ ‘ਤੇ ਜਾਨਲੇਵਾ ਹਮਲਾ, ਭਾਰਤੀ ਦੂਤਘਰ ਨੇ ਦਿੱਤਾ ਮਦਦ ਦਾ ਭਰੋਸਾ

ਵਾਸ਼ਿੰਗਟਨ , 7 ਫਰਵਰੀ । ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਸ਼ਿਕਾਗੋ ਦਾ ਹੈ ਜਿੱਥੇ ਮੰਗਲਵਾਰ ਨੂੰ ਇਕ ਭਾਰਤੀ ਵਿਦਿਆਰਥੀ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਸ਼ਿਕਾਗੋ ‘ਚ ਭਾਰਤੀ ਕੌਂਸਲੇਟ ਨੇ ਕਿਹਾ ਕਿ ਉਹ ਪੀੜਤ ਸਈਦ ਮਜ਼ਾਹਿਰ ਅਲੀ ਦੇ ਨਾਲ-ਨਾਲ ਭਾਰਤ ‘ਚ ਉਨ੍ਹਾਂ ਦੇ ਪਤਨੀ ਦੇ ਸੰਪਰਕ ‘ਚ ਹਨ। ਭਾਰਤੀ ਦੂਤਘਰ ਨੇ ਹੈਦਰਾਬਾਦ ਦੇ ਰਹਿਣ ਵਾਲੇ ਅਲੀ ਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸ਼ਿਕਾਗੋ ‘ਚ ਭਾਰਤੀ ਵਣਜ ਦੂਤਘਰ ਨੇ ਟਵਿੱਟਰ ‘ਤੇ ਇਕ ਪੋਸਟ ‘ਚ ਲਿਖਿਆ, ‘ਅਸੀਂ ਭਾਰਤ ‘ਚ ਸਈਅਦ ਮਜ਼ਾਹਿਰ ਅਲੀ ਤੇ ਉਨ੍ਹਾਂ ਦੀ ਪਤਨੀ ਸਈਦਾ ਰੁਕਈਆ ਫਾਤਿਮਾ ਰਜ਼ਵੀ ਦੇ ਸੰਪਰਕ ‘ਚ ਹਾਂ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।’ ਇਸ ਵਿਚ ਅੱਗੇ ਦੱਸਿਆ ਗਿਆ ਕਿ ਕੌਂਸਲੇਟ ਨੇ ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਅਲੀ ਦੇ ਇਸ ਭਿਆਨਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਾਫੀ ਖੂਨ ਵਹਿੰਦਾ ਦਿਸ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇਕ ਹੋਰ ਵੀਡੀਓ, ਜੋ ਘਟਨਾ ਦੀ ਸੀਸੀਟੀਵੀ ਫੁਟੇਜ ਲਗ ਰਹੀ ਹੈ ਜਿਸ ਵਿਚ ਤਿੰਨ ਹਮਲਾਵਰ ਸ਼ਿਕਾਗੋ ਦੀਆਂ ਸੜਕਾਂ ‘ਤੇ ਅਲੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਅਮਰੀਕਾ ‘ਚ ਭਾਰਤੀ ਮੂਲ ਦੇ ਵਿਦਿਆਰਥੀਆਂ ‘ਤੇ ਹਮਲੇ ਵਧਦੇ ਜਾ ਰਹੇ ਹਨ। ਪਿਛਲੇ ਹਫ਼ਤੇ ਸ਼੍ਰੇਅਸ ਰੈੱਡੀ ਨਾਂ ਦਾ ਇਕ ਭਾਰਤੀ ਵਿਦਿਆਰਥੀ ਸਿਨਸਿਨਾਟੀ, ਓਹਾਇਓ ਚ ਮ੍ਰਿਤ ਪਾਇਆ ਗਿਆ ਸੀ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟਾਂ ਮੁਤਾਬਕ ਰੈੱਡੀ ਲਿੰਡਰ ਸਕੂਲ ਆਫ ਬਿਜ਼ਨਸ ਦਾ ਵਿਦਿਆਰਥੀ ਸੀ।

About The Author

You may have missed