Cricket World Cup : ਭਾਰਤ ਨੇ ਇਕ ਵਾਰ ਫਿਰ ਗੱਡਿਆ ਜਿੱਤ ਦਾ ਝੰਡਾ

ਲਖਨਊ. 29 ਅਕਤੂਬਰ | Cricket World Cup : ਭਾਰਤ ਅਤੇ ਇੰਗਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ 29ਵਾਂ ਮੈਚ ਲਖਨਊ ਦੇ ਏਕਾਨਾ ਸਟੇਡੀਅਮ ’ਚ ਖੇਡਿਆ ਗਿਆ। ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਦਿਤਾ ਤੇ ਉਹ ਅੰਕ ਸੂਚੀ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਰੋਹਿਤ ਸ਼ਰਮਾ (87) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਇੰਗਲੈਂਡ ਨੂੰ 230 ਦੌੜਾਂ ਦਾ ਟੀਚਾ ਦਿਤਾ। ਸੂਰਿਆਕੁਮਾਰ ਇਕ ਦੌੜ ਨਾਲ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਜਦਕਿ ਕੇਐਲ ਰਾਹੁਲ ਵੀ ਸਿਰਫ਼ 39 ਦੌੜਾਂ ਹੀ ਬਣਾ ਸਕੇ। ਇਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਅੱਜ ਫ਼ਲਾਪ ਸਾਬਤ ਹੋਏ।
ਟੀਚੇ ਦਾ ਪਿਛਾ ਕਰਦੀ ਇੰਗਲੈਂਡ ਦੀ ਟੀਮ ਦੁਨੀਆਂ ਦੀ ਸੱਭ ਤੋਂ ਉਤਮ ਗੇਂਦਬਾਜ਼ੀ ਅੱਗੇ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਇੰਗਲੈਂਡ ਨੂੰ ਪਹਿਲੇ ਦੋ ਝਟਕੇ ਜਸਪ੍ਰੀਤ ਬੁਮਰਾਹ ਨੇ ਦਿਤੇ ਜਦੋਂ ਡੇਵਿਡ ਮਲਾਨ 16 ਦੌੜਾਂ ਤੇ ਜੋ ਰੂਟ 0 ਦੇ ਸਕੋਰ ’ਤੇ ਆਊਟ ਕੀਤੇ ਗਏ। ਇੰਗਲੈਂਡ ਨੂੰ ਤੀਜਾ ਝਟਕਾ ਸ਼ੰਮੀ ਨੇ ਦਿਤਾ। ਸ਼ੰਮੀ ਨੇ ਬੇਨ ਸਟੋਕਸ ਨੂੰ 0 ਦੇ ਸਕੋਰ ’ਤੇ ਆਊਟ ਕਰ ਕੇ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਬਾਅਦ ਸ਼ੰਮੀ ਨੇ 10ਵੇਂ ਓਵਰ ਦੀ ਪਹਿਲੀ ਗੇਂਦ ’ਤੇ ਬੇਅਰਸਟਾ ਨੂੰ ਆਊਟ ਕੀਤਾ। ਇਸ ਤੋੋਂ ਬਾਅਦ ਆਫ਼ ਸਪਿਨਰ ਕੁਲਦੀਪ ਯਾਦਵ ਨੇ ਜਾਸ ਬਟਲਰ ਨੂੰ 10 ਦੌੜਾਂ ਦੇ ਨਿਜੀ ਸਕੋਰ ’ਤੇ ਕਲੀਨ ਬੋਲਡ ਕੀਤਾ।
ਮੋਈਨ ਅਲੀ ਵੀ ਜ਼ਿਆਦਾ ਕੱੁਝ ਨਹੀਂ ਕਰ ਸਕਿਆ ਤੇ 15 ਦੌੜਾਂ ਬਣਾ ਕੇ ਮੁਹੰਮਦ ਸ਼ੰਮੀ ਦਾ ਸ਼ਿਕਾਰ ਬਣਿਆ। ਇੰਗਲੈਂਡ ਦੀ 7ਵੀਂ ਵਿਕਟ ਕ੍ਰਿਸ ਵੋਕਸ ਦੇ ਤੌਰ ’ਤੇ ਡਿੱਗੀ। ਵੋਕਸ 10 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਇੰਗਲੈਂਡ ਦੀ 8ਵੀਂ ਵਿਕਟ ਲਿਆਮ ਲਿਵਿੰਗਸਟੋਨ ਦੇ ਤੌਰ ’ਤੇ ਡਿੱਗੀ। ਲਿਵਿੰਗਸਟੋਨ 27 ਦੌੜਾਂ ਬਣਾ ਕੁਲਦੀਪ ਯਾਦਵ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਵੁੱਡ ਤੇ ਆਦਿਲ ਰਸ਼ੀਦ ਭਾਰਤੀ ਗੇਂਦਬਾਜ਼ੀ ਦਾ ਸਾਹਮਣਾ ਨਾ ਕਰ ਸਕੇ। ਇੰਗਲੈਂਡ ਦੀ ਪੂਰੀ ਟੀਮ 34.5 ਓਵਰਾਂ ਵਿਚ 129 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਸ਼ੇਰਾਂ ਨੇ ਇਕ ਵਾਰ ਫਿਰ ਜਿੱਤ ਦਾ ਝੰਡਾ ਗੱਡ ਦਿਤਾ।