ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਵਿਖੇ ਕ੍ਰੈਚ ਦੀ ਸਹੂਲਤ ਹੋਈ ਸ਼ੁਰੂ

ਹੁਸ਼ਿਆਰਪੁਰ , 13 ਜਨਵਰੀ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਹੁਸ਼ਿਆਰਪੁਰ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਅਲੋਕ ਜੈਨ ਨੇ ਅੱਜ ਨਵੇਂ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਵਿਚ ਕ੍ਰੈਚ ਸਹੂਲਤ ਦਾ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਕੁਮਾਰ ਅਤੇ ਸਮੂਹ ਨਿਆਂਇਕ ਅਧਿਕਾਰੀ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਜਦੋਂ ਹੁਸ਼ਿਆਰਪੁਰ ਸੈਸ਼ਨ ਡਵੀਜ਼ਨ ਦੇ ਪ੍ਰਬੰਧਕੀ ਜੱਜ ਅਲੋਕ ਜੈਨ ਕੰਪਲੈਕਸ ਵਿਚ ਪੁੱਜੇ ਤਾਂ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਕੋਰਟ ਕੰਪਲੈਕਸ ਵਿਚ ਨਵੀਂ ਕ੍ਰੈਚ ਸਹੂਲਤ/ਬੱਚਿਆਂ ਦੇ ਡੇਅ ਕੇਅਰ ਸੈਂਟਰ ਨਾਲ ਇਕ ਨਵੀਂ ਸਹੂਲਤ ਮਿਲੇਗੀ, ਜਿਸ ਵਿਚ 6 ਮਹੀਨੇ ਤੋਂ 6 ਸਾਲ ਦੀ ਉਮਰ ਵਰਗ ਦੇ ਵੱਧ ਤੋਂ ਵੱਧ 25 ਬੱਚੇ ਰਹਿ ਸਕਦੇ ਹਨ।
  ਇਸ ਮੌਕੇ ਜਸਟਿਸ ਅਲੋਕ ਜੈਨ ਨੇ ਕਿਹਾ ਕਿ ਕ੍ਰੈਚਾਂ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਕ੍ਰੈਚ ਚੰਗੀ ਤਰ੍ਹਾਂ ਚੱਲ ਸਕਣ ਅਤੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਹੋਣ। ਉਨ੍ਹਾਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਲਤੀ ਕੰਪਲੈਕਸ ਵਿਚ ਕ੍ਰੈਚ ਦੀ ਸਹੂਲਤ ਬੱਚਿਆਂ ਨੂੰ ਅਦਾਲਤੀ ਕਾਰਵਾਈ ਤੋਂ ਦੂਰ ਰੱਖੇਗੀ।
ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਦੱਸਿਆ ਕਿ ਅਦਾਲਤੀ ਸਟਾਫ਼, ਵਕੀਲ, ਮੁਕੱਦਮੇਬਾਜ਼ ਅਤੇ ਨਿਆਂਇਕ ਅਫ਼ਸਰਾਂ ਦੇ ਬੱਚੇ ਵੀ ਕ੍ਰੈਚ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕ੍ਰੈਚ ਵਿਚ ਸਿਖਲਾਈ ਪ੍ਰਾਪਤ ਸਟਾਫ਼, ਬੱਚਿਆਂ ਦੇ ਅਨੁਕੂਲ ਫਰਨੀਚਰ, ਖਿਡੌਣੇ, ਫਸਟ ਏਡ ਕਿੱਟ ਅਤੇ ਬਿਸਤਰੇ ਹਨ। ਉਨ੍ਹਾਂ ਕਿਹਾ ਕਿ ਕ੍ਰੈਚ ਕੰਮਕਾਜੀ ਦਿਨਾਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੇਵਾਵਾਂ ਪ੍ਰਦਾਨ ਕਰੇਗਾ।
ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਮੈਟਰਨਿਟੀ ਬੈਨੀਫਿਟ ਐਕਟ 1961 ਤਹਿਤ ਇਹ ਕ੍ਰੈਚ ਬਣਾਇਆ ਗਿਆ ਹੈ, ਜਿਸ ਤਹਿਤ 50 ਜਾਂ ਇਸ ਤੋਂ ਵੱਧ ਕਰਮਚਾਰੀ ਵਾਲੇ ਹਰੇਕ ਅਦਾਰੇ ਕੋਲ ਕ੍ਰੈਚ ਦੀ ਸਹੂਲਤ ਹੋਣੀ ਚਾਹੀਦੀ ਹੈ।

About The Author

You may have missed