ਗੁਣਵੱਤਾ ਭਰਪੂਰ ਸਿੱਖਿਆ ਅਤੇ ਉਜਵੱਲ ਭਵਿੱਖ ਲਈ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਵਿਚ ਤਾਲਮੇਲ ਜ਼ਰੂਰੀ-ਵਿਧਾਇਕ ਵਿਜੈ ਸਿੰਗਲਾ
ਦਲੇਲ ਸਿੰਘ ਵਾਲਾ/ਮਾਨਸਾ , 16 ਦਸੰਬਰ | ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਮਿਲੇ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਤਾਲਮੇਲ ਹੋਣਾ ਲਾਜ਼ਮੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਮੌਕੇ ਕਰਵਾਏ ਇਨਾਮ ਵੰਡ ਸਮਾਰੋਹ ਦੌਰਾਨ ਸ਼ਿਰਕਤ ਕਰਦਿਆਂ ਕੀਤਾ।
ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਵੀ ਆਪਣਾ ਹੁਨਰ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਅਜਿਹੇ ਇਨਾਮ ਵੰਡ ਸਮਾਰੋਹ ਹੋਣੇ ਜ਼ਰੂਰੀ ਹਨ। ਉਨ੍ਹਾਂ ਸਕੂਲ ਵਿਖੇ ਆਯੋਜਿਤ ਇਸ ਸਮਾਗਮ ਲਈ ਸਕੂਲ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਭੋਗਲ ਅਤੇ ਸਕੂਲ ਮੈਨੇਜ਼ਮੈਂਟ ਕਮੇਟੀ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰ ਹਰਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧੇ ਲਈ ਲੋੜੀਂਦੇ ਉਪਰਾਲੇ ਵੀ ਸੰਭਵ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਤਾਂ ਜੋ ਉਹ ਉਚੇਰੀ ਸਿੱਖਿਆ ਹਾਸਲ ਕਰਕੇ ਉਚ ਅਹੁਦੇ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਉਨ੍ਹਾਂ ਲਈ ਕੀਤੀ ਮਿਹਨਤ ਦਾ ਫਲ ਦੇ ਸਕਣ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਅਸ਼ੋਕ ਕੁਮਾਰ ਨੇ ਸਮੂਹ ਅਧਿਆਪਕ ਸਾਹਿਬਾਨ ਨੂੰ ਮਿਸ਼ਨ 100 ਫ਼ੀਸਦੀ ਬਾਰੇ ਰੂਪ ਰੇਖਾ ਤਿਆਰ ਕਰਨ ਦਾ ਸੱਦਾ ਦਿੱਤਾ ਤਾਂ ਜੋ ਕੋਈ ਵੀ ਵਿਦਿਆਰਥੀ ਇਮਤਿਹਾਨ ਦੇ ਨਤੀਜਿਆਂ ਵਿਚ ਪਿੱਛੇ ਨਾ ਰਹੇ।
ਇਸ ਮੌਕੇ ਜਿੱਥੇ ਸਕੂਲ ਲਾਇਬ੍ਰੇਰੀਅਨ ਬਬਲੀ ਰਾਣੀ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦਾ ਸੱਦਾ ਦਿੱਤਾ ਉੱਥੇ ਹੀ ਸਾਇੰਸ ਮਿਸਟ੍ਰੈਸ ਸਵੀਨ ਅੱਗਰਵਾਲ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਬਿਜ਼ਨਸ ਬਲਾਸਟਰ ਅਤੇ ਮਿਸਟ੍ਰੈਸ ਮਨੀਸ਼ਾ ਰਾਣੀ ਵੱਲੋਂ ਮਿਸ਼ਨ ਸਮਰੱਥ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਹਰਿੰਦਰ ਸਿੰਘ ਭੁੱਲਰ ਨੇ ਪੁਸਤਕ ਪ੍ਰਦਰਸ਼ਨੀ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀ ਜੀਵਨ ਦੀ ਭਲਾਈ ਲਈ ਦਿੱਤੇ ਸੰਦੇਸ਼ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿੱਥੇ ਸਮੂਹ ਵਿਦਿਆਰਥੀਆਂ, ਮਾਪਿਆਂ, ਸਕੂਲ ਸਟਾਫ ਅਤੇ ਪਹੁੰਚੇ ਹੋਰ ਪਤਵੰਤੇ ਨਤਮਸਤਕ ਹੋਏ ਅਤੇ ਸਮੂਹ ਸੰਗਤ ਨੂੰ ਅਤੁਟ ਲੰਗਰ ਛਕਾਇਆ ਗਿਆ। ਇਸ ਤੋਂ ਇਲਾਵਾ ਸਿੱਖਿਆ ਦੇ ਨਾਲ ਨਾਲ ਹੋਰ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ਹੀਦ ਬਦਨ ਸਿੰਘ ਟਰੱਸਟ ਦੇ ਪ੍ਰਧਾਨ ਸ੍ਰ ਜਸਵੀਰ ਸਿੰਘ, ਖਜ਼ਾਨਚੀ ਸ੍ਰ ਦਵਿੰਦਰ ਸਿੰਘ, ਸਕੱਤਰ ਸ੍ਰ ਬਲਜਿੰਦਰ ਸਿੰਘ, ਮੈਂਬਰ ਸ੍ਰ ਵਿਸ਼ਾਖਾ ਸਿੰਘ, ਮੈਂਬਰ ਸ੍ਰ ਗੁਰਤੇਜ ਸਿੰਘ, ਸਰਪੰਚ ਸ੍ਰ ਅਮਰੀਕ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ, ਚੇਅਰਮੈਨ ਸਕੂਲ ਮੈਨੇਜ਼ਮੈਂਟ ਕਮੇਟੀ ਸ੍ਰ ਕਾਕਾ ਸਿੰਘ, ਮੈਂਬਰ ਸ੍ਰ ਹਰਦੀਪ ਸਿੰਘ ਤੋ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਨੇ ਹੁੰਮ ਹੁੰਮਾ ਕੇ ਸ਼ਿਰਕਤ ਕੀਤੀ।