67ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਲੜਕੇ ਅੰਡਰ-19 ਦੇ ਟੂਰਨਾਮੈਂਟ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਮਿਲੀਆਂ

ਪਟਿਆਲਾ , 12 ਜਨਵਰੀ | ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਹਰਿੰਦਰ ਕੌਰ ਦੀ ਦੇਖ-ਰੇਖ ਹੇਠ ਪਟਿਆਲਾ ਵਿਖੇ 6-11 ਜਨਵਰੀ ਤੱਕ ਆਯੋਜਿਤ ਹੋਈਆਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਲੜਕੇ ਅੰਡਰ 19 ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਪੰਜਾਬ ਦੀ ਟੀਮ ਦੇ ਖਿਡਾਰੀਆਂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।
ਟੂਰਨਾਮੈਂਟ ਕੋਆਰਡੀਨੇਟਰ ਅਤੇ ਟੀਮ ਦੇ ਮੁੱਖ ਕੋਚ ਅਮਰਜੋਤ ਸਿੰਘ ਨੇ ਦੱਸਿਆ ਕਿ 30 ਟੀਮਾਂ ਵਿੱਚੋਂ ਲੀਗ ਅਤੇ ਨਾਕ ਆਊਟ ਰਾਊਂਡਾਂ ਵਿੱਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਕੇ ਅਜੇਤੂ ਰਹਿੰਦਿਆਂ ਪੰਜਾਬ ਦੇ ਵਿਦਿਆਰਥੀ ਖਿਡਾਰੀਆਂ ਨੇ ਟੂਰਨਾਮੈਂਟ ਜਿੱਤਿਆ ਹੈ। ਇਸ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ। ਜ਼ਿਲ੍ਹਾ ਪਟਿਆਲਾ ਦੇ ਵਿਧਾਇਕਾਂ ਵੱਲੋਂ ਵੀ ਖਿਡਾਰੀਆਂ ਲਈ ਵਧਾਈ ਸੰਦੇਸ਼ ਪ੍ਰਾਪਤ ਹੋਏ ਹਨ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਡਾ: ਰਵਿੰਦਰਪਾਲ ਸਿੰਘ ਨੇ ਸਮੂਹ ਖਿਡਾਰੀਆਂ ਦੇ ਮਾਪਿਆਂ, ਕੋਚਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਦਿਆਰਥੀ ਖਿਡਾਰੀਆਂ ਦੀ ਪ੍ਰਾਪਤੀ ਤੇ ਵਧਾਈ ਸੰਦੇਸ਼ ਭੇਜਿਆ ਹੈ। ਇਸ ਮੌਕੇ ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਪਟਿਆਲਾ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ,  ਪੰਕਜ ਭਨੋਟ ਸਹਾਇਕ ਕੋਚ ਪੰਜਾਬ, ਰਵਿੰਦਰ ਕੁਮਾਰ ਇੰਚਾਰਜ ਟੀਮ ਪੰਜਾਬ ਅਤੇ ਹੋਰ ਹਾਜਰ ਸਨ।

About The Author