ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ

ਹੁਸ਼ਿਆਰਪੁਰ / ਗੜ੍ਹਸ਼ੰਕਰ , 17 ਮਈ | ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਚੋਣ ਕਮਿਸ਼ਨ ਵੱਲੋਂ ਇਸ ਵਾਰ ‘ਗ੍ਰੀਨ ਇਲੈਕਸ਼ਨ’ ਕਰਵਾਉਣ ਦੇ ਦਿੱਤੇ ਨਾਅਰੇ ਨੂੰ ਜ਼ਮੀਨੀ ਹਕੀਕਤ ’ਚ ਬਦਲਣ ਦੇ ਮੰਤਵ ਨਾਲ ਅੱਜ ਮੁਹਾਲੀ ਵਿਖੇ ਪਾਰਲੀਮਾਨੀ ਹਲਕੇ ’ਚ ਪੈਂਦੇ ਸਮੂਹ ਜ਼ਿਲ੍ਹਾ ਚੋਣ ਅਫ਼ਸਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਕਾਰਬਨ ਉਤਸਰਜਨ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਵਾਉਣ ਅਤੇ ਟ੍ਰੇਨਿੰਗ, ਟੀਮਾਂ ਦੀ ਰਵਾਨਗੀ ਅਤੇ ਵਾਪਸੀ ਅਤੇ ਗਿਣਤੀ ਮੌਕੇ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨੀ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੇ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਦੀ ਰੋਸ਼ਨੀ ’ਚ ਸਾਡਾ ਨਾਅਰਾ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣ ਪ੍ਰਕਿਰਿਆ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜਿਥੇ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਵੱਲ ਪ੍ਰੇਰਿਆ ਜਾਵੇ ਉੱਥੇ ਚੋਣ ਪ੍ਰਬੰਧਾਂ ’ਚ ਲੱਗੇ ਸਰਕਾਰੀ ਅਮਲੇ ਨੂੰ ਵੀ ਇਸ ‘ਗ੍ਰੀਨ ਇਲੈਕਸ਼ਨ’ ਮੁਹਿੰਮ ਦਾ ਹਿੱਸਾ ਅਤੇ ਵਾਹਕ (ਦੂਤ) ਬਣਨ ਲਈ ਪ੍ਰੇਰਿਆ ਜਾਵੇ।
ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਸਮੇਤ ਅਨੰਦਪੁਰ ਹਲਕੇ ਅੰਦਰ ਆਉਂਦੇ
ਸਾਰੇ 9 ਵਿਧਾਨ ਸਭਾ ਹਲਕੇ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰਣਗੇ।
ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਨੇ ਵਿਸਥਾਰ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਚੋਣ ਅਮਲੇ ਦੀ ਟ੍ਰੇਨਿੰਗ ਲਾਈਏ ਤਾਂ ਉਸ ਥਾਂ ’ਤੇ ਕੂੜਾ ਬਿਲਕੁਲ ਨਾ ਖਿੱਲਰਣ ਦੇਈਏ ਅਤੇ ਸਾਫ਼-ਸਫ਼ਾਈ ਦਾ ਖਿਆਲ ਰੱਖੀਏ। ਇਸੇ ਤਰ੍ਹਾਂ ਜਿਸ ਦਿਨ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਮਤਦਾਨ ਕੇਂਦਰਾਂ ਵੱਲ ਰਵਾਨਾ ਕੀਤਾ ਜਾਵੇ ਅਤੇ ਬਾਅਦ ਵਿੱਚ ਸ਼ਾਮ ਨੂੰ ਵਾਪਸੀ ’ ਮੌਕੇ ਈ ਵੀ ਐਮਜ਼ ਜਮ੍ਹਾ ਕਰਵਾਈਆਂ ਜਾਣ ਤਾਂ ਉਸ ਮੌਕੇ ਵੀ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ‘ਸਿੰਗਲ-ਯੂਜ਼ ਪਲਾਸਟਿਕ’ ਤੋਂ ਗੁਰੇਜ਼ ਕਰੀਏ। 
ਮਤਦਾਨ ਕੇਂਦਰਾਂ ’ਤੇ ‘ਗ੍ਰੀਨ ਇਲੈਕਸ਼ਨ’ ਮੁਹਿੰਮ ਨੂੰ ਮੁਕੰਮਲ ਤੌਰ ’ਤੇ ਲਾਗੂ ਕਰਨ ਲਈ ਪੋਲਿੰਗ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ- ਨਿਰਦੇਸ਼ ਦੇਣ ਲਈ ਰਿਟਰਨਿੰਗ ਅਫ਼ਸਰਾਂ/ਜ਼ਿਲ੍ਹਾ ਚੋਣ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਯੋਜਨਾਬੰਦੀ ਕਰਨ ਲਈ ਕਿਹਾ।
ਉਨ੍ਹਾਂ ਨੇ ਮਤਦਾਨ ਵਾਲੇ ਦਿਨ ਸਮੁੱਚੇ ਪੋਲਿੰਗ ਬੂਥ ਕੇਂਦਰਾਂ ’ਤੇ ਆਉਣ ਵਾਲੇ ਮਤਦਾਤਾਵਾਂ ਲਈ ਲੋੜੀਂਦੀਆਂ ਘੱਟੋ-ਘੱਟ ਸੁਵਿਧਾਵਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਵੱਖੋ-ਵੱਖਰੀ ਕਿਸਮ ਦੇ ਪੌਦਿਆਂ ਦਾ ਪ੍ਰਬੰਧ ਕਰਨ ਲਈ ਵੀ ਕਿਹਾ ਤਾਂ ਜੋ ਵੋਟ ਪਾਉੁਣ ਆਇਆ ਮਤਦਾਤਾ ਪੋਲਿੰਗ ਬੂਥ ਤੋਂ ਮਿਲੇ ਬੂਟੇ ਨੂੰ ਆਪਣੇ ਘਰ ਜਾਂ ਖੇਤ ’ਚ ਲਾ ਕੇ ਲੋਕਤੰਤਰ ਦੇ ਉਤਸਵ ਦੀ ਯਾਦ ਵਜੋਂ ਉਸ ਦੀ ਪਾਲਣਾ ਕਰ ਸਕਣ। 
ਉਨ੍ਹਾਂ ਇਸ ਮੌਕੇ ਲੋਕ ਸਭਾ ਚੋਣਾਂ-2019 ਦੌਰਾਨ ਪਾਰਲੀਮਾਨੀ ਹਲਕਾ ਅਨੰਦਪੁਰ ਸਾਹਿਬ ’ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਸਭ ਤੋਂ ਵਧੇਰੇ ਮਤਦਾਨ ਪ੍ਰਤੀਸ਼ਤਤਾ ਨਾਲ ਯੋਗਦਾਨ ਪਾਉਣ ਵਾਲੇ ਬੂਥ ਲੈਵਲ ਅਫ਼ਸਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਜਿਨ੍ਹਾਂ ’ਚ ਗੜ੍ਹਸ਼ੰਕਰ ਤੋਂ ਬੂਥ ਨੰਬਰ 132 ਦੇ ਬੀ ਐਲ ਓ ਜਸਵਿੰਦਰ ਸਿੰਘ (81.80 ਫ਼ੀਸਦੀ) ਵੀ ਸ਼ਾਮਿਲ ਸਨ।
ਇਸ ਤੋਂ ਬਾਅਦ ਜਨਰਲ ਅਬਜ਼ਰਵਰ ਡਾ. ਹੀਰਾ ਲਾਲ, ਪੁਲਿਸ ਅਬਜ਼ਰਵਰ ਸੰਦੀਪ ਗਜਾਨਨ ਦੀਵਾਨ, ਖਰਚਾ ਅਬਜ਼ਰਵਰ ਸ਼ਿਲਪੀ ਸਿਨਹਾ, ਰਿਟਰਨਿੰਗ ਅਫ਼ਸਰ ਅਨੰਦਪੁਰ ਸਾਹਿਬ ਪ੍ਰੀਤੀ ਯਾਦਵ, ਜ਼ਿਲ੍ਹਾ ਚੋਣ ਅਫ਼ਸਰ ਐਸ ਏ ਐਸ ਨਗਰ ਆਸ਼ਿਕਾ ਜੈਨ, ਜ਼ਿਲ੍ਹਾ ਚੋਣ ਅਫ਼ਸਰ ਐਸ ਬੀ ਐਸ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਐਸ ਐਸ ਪੀ ਰੋਪੜ ਗੁਲਨੀਤ ਸਿੰਘ ਖੁਰਾਣਾ, ਐਸ ਐਸ ਪੀ ਐਸ ਏ ਐਸ ਨਗਰ ਡਾ. ਸੰਦੀਪ ਗਰਗ, ਐਸ ਐਸ ਪੀ ਐਸ ਬੀ ਐਸ ਨਗਰ ਡਾ. ਮਹਿਤਾਬ ਸਿੰਘ , ਸਹਾਇਕ ਰਿਟਰਨਿੰਗ ਅਫਸਰ ਗੜ੍ਹਸ਼ੰਕਰ ਮੇਜਰ ਸ਼ਿਵਰਾਜ ਸਿੰਘ ਬੱਲ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਹੁਸ਼ਿਆਰਪੁਰ ਪ੍ਰੀਤ ਕੋਹਲੀ ਤੋਂ ਇਲਾਵਾ ਪਾਰਲੀਮਾਨੀ ਹਲਕੇ ’ਚ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ’ਚ ‘ਗ੍ਰੀਨ ਇਲੈਕਸ਼ਨ’ ਦੇ ਸੰਕਲਪ ਵਜੋਂ ਪੌਦੇ ਵੀ ਲਾਏ ਗਏ।
ਜਨਰਲ ਅਬਜ਼ਰਵਰ ਵੱਲੋਂ ਇਸ ਮੌਕੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਟਿੱਕਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ।

About The Author

You may have missed