ਚੀਨ ਦੀ ਆਬਾਦੀ ’ਚ ਲਗਾਤਾਰ ਦੂਜੇ ਸਾਲ ਗਿਰਾਵਟ, ਸਰਕਾਰ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਕਰ ਰਹੀ ਹੈ ਉਤਸ਼ਾਹਤ

ਬੀਜਿੰਗ , 18 ਜਨਵਰੀ । ਚੀਨ ਦੀ ਆਬਾਦੀ ’ਚ ਲਗਾਤਾਰ ਦੂਜੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। 1949 ਤੋਂ ਬਾਅਦ ਜਨਮ ਦਰ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਈ ਹੈ। ਅੰਕੜਾ ਬਿਊਰੋ ਦੀ ਬੁੱਧਵਾਰ ਨੂੰ ਜਾਰੀ ਰਿਪੋਰਟ ਮੁਤਾਬਕ, 2023 ’ਚ ਆਬਾਦੀ ’ਚ 20 ਲੱਖ ਲੋਕਾਂ ਦੀ ਗਿਰਾਵਟ ਆਈ ਹੈ। ਇਸ ਵੇਲੇ ਕੁੱਲ ਆਬਾਦੀ 1.4 ਅਰਬ ਹੈ। ਕੋਵਿਡ ਪਾਬੰਦੀਆਂ ਦੇ ਹਟਣ ਤੋਂ ਬਾਅਦ ਆਬਾਦੀ ’ਚ ਕਮੀ ਤੇ ਮਿ੍ਰਤਕਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ। ਮੌਤਾਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਕੇ 6,90,000 ਹੋ ਗਈ ਹੈ।

ਚੀਨ ਦੀ ਆਬਾਦੀ ’ਚ ਛੇ ਦਹਾਕਿਆਂ ’ਚ ਪਹਿਲੀ ਵਾਰ 2022 ’ਚ ਗਿਰਾਵਟ ਦਰਜ ਕੀਤੀ ਗਈ ਸੀ। ਆਬਾਦੀ ਲਗਾਤਾਰ ਬੁੱਢੀ ਹੋ ਰਹੀ ਹੈ ਜਿਹੜੀ ਸਮੇਂ ਨਾਲ ਆਰਥਿਕ ਵਿਕਾਸ ਨੂੰ ਹੌਲੀ ਕਰ ਸਕਦੀ ਹੈ ਤੇ ਘੱਟ ਮਜ਼ਦੂਰਾਂ ਨਾਲ ਵਧੀ ਬਜ਼ੁਰਗ ਆਬਾਦੀ ਦੇਸ਼ ਦੀ ਸਮਰੱਥਾ ਨੂੰ ਚੁਣੌਤੀ ਦੇ ਸਕਦੀ ਹੈ। ਚੀਨ ਕਦੀ ਆਪਣੀ ਇਕ ਬੱਚੇ ਦੀ ਨੀਤੀ ਨਾਲ ਆਬਾਦੀ ਵਾਧੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਹੁਣ ਉਹ ਉਲਟ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਨੇ 2016 ’ਚ ਆਪਣੀ ਇਕ ਬੱਚੇ ਦੀ ਨੀਤੀ ਨੂੰ ਅਧਿਕਾਰਤ ਤੌਰ ’ਤੇ ਖ਼ਤਮ ਕਰਨ ਤੋਂ ਬਾਅਦ ਲੋਕਾਂ ਨੂੰ ਬੱਚੇ ਪੈਦਾ ਕਰਨ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ’ਚ ਉਸ ਨੂੰ ਬਹੁਤ ਘੱਟ ਕਾਮਯਾਬੀ ਮਿਲੀ ਹੈ। ਲੋਕ ਦੇਰ ਨਾਲ ਵਿਆਹ ਕਰ ਰਹੇ ਹਨ ਤੇ ਕਦੀ-ਕਦੀ ਬੱਚੇ ਪੈਦਾ ਨਾ ਕਰਨ ਦਾ ਵੀ ਬਦਲ ਚੁਣ ਰਹੇ ਹਨ। ਜਿਹੜੇ ਬੱਚੇ ਪੈਦਾ ਕਰਨਾ ਚਾਹ ਰਹੇ ਹਨ, ਉਹ ਵੀ ਬੱਚਿਆਂ ਦੀ ਸਿੱਖਿਆ ’ਤੇ ਹੋਣ ਵਾਲੇ ਖ਼ਰਚ ਨੂੰ ਦੇਖ ਕੇ ਸਿਰਫ਼ ਇਕ ਹੀ ਬੱਚਾ ਪੈਦਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਦੇ ਅੰਕੜਿਆਂ ਮੁਤਾਬਕ, ਭਾਰਤ ਪਿਛਲੇ ਸਾਲ 142.86 ਕਰੋੜ ਲੋਕਾਂ ਨਾਲ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।

About The Author

error: Content is protected !!