ਮੁੱਖ ਮੰਤਰੀ ਭਗਵੰਤ ਸਿੰਘ ਮਾਨ 24 ਨੂੰ ਮੁਕੇਰੀਆਂ ’ਚ ਜ਼ਿਲ੍ਹੇ ਦੇ ਵਪਾਰੀਆਂ ਨਾਲ ਕਰਨਗੇ ਮੁਲਾਕਾਤ
ਹੁਸ਼ਿਆਰਪੁਰ , 21 ਫਰਵਰੀ | ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 24 ਫਰਵਰੀ ਨੂੰ ਮੁਕੇਰੀਆਂ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਪਾਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਪੂਰੇ ਸੂਬੇ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ ਉਨ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕੀਤੀ ਹੈ। ਉਨ੍ਹਾਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਾਰੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਅਤੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਸਬੰਧੀ ਸੁਝਾਅ ਲਏ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਸ.ਪੀ ਮਨੋਜ ਠਾਕੁਰ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਲਈ ਮਾਣ ਦਾ ਵਿਸ਼ਾ ਹੈ ਕਿ ਮੁੱਖ ਮੰਤਰੀ ਪੰਜਾਬ ਵਪਾਰੀਆਂ ਨਾਲ ਮਿਲਣ ਲਈ ਜ਼ਿਲ੍ਹੇ ਵਿਚ ਆ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਪ੍ਰੋਗਰਾਮ ਦੀ ਸਫ਼ਲਤਾ ਲਈ ਕੋਈ ਕਮੀ ਨਾ ਛੱਡੀ ਜਾਵੇ ਅਤੇ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ। ਇਸ ਦੌਰਾਨ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸੁਰੱਖਿਆ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧਾਂ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।