ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਵੀ ਆਪਣੇ ਖੇਤ ਪਰਾਲੀ ਨੂੰ ਬਿਨ੍ਹਾਂ ਸਾੜੇ ਬਿਜਾਈ ਕੀਤੀ

ਫਾਜਿਲ਼ਕਾ , 27 ਨਵੰਬਰ | ਫਾਜਿ਼ਲਕਾ ਦੇ ਜਿੱਥੇ ਹਜਾਰਾਂ ਕਿਸਾਨਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਕੇ ਵਾਤਾਵਰਨ ਅਤੇ ਆਪਣੀ ਜਮੀਨ ਪ੍ਰਤੀ ਆਪਣੇ ਫਰਜਾਂ ਦੀ ਸਮਝ ਦਾ ਸਬੂਤ ਦਿੱਤਾ ਹੈ ਉਥੇ ਹੀ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਵੀ ਹਰ ਸਾਲ ਦੀ ਤਰਾਂ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਵਾਈ ਹੈ।
ਗੁਰਮੀਤ ਸਿੰਘ ਚੀਮਾ ਜੋ ਕਿ ਇਸੇ ਜਿ਼ਲ੍ਹੇ ਦੇ ਰਹਿਣ ਵਾਲੇ ਹਨ ਅਤੇ 22 ਏਕੜ ਰਕਬੇ ਵਿਚ ਪਿੰਡ ਪੱਕਾ ਚਿਸਤੀ ਵਿਚ ਖੇਤੀ ਕਰਦੇ ਹਨ ਆਖਦੇ ਹਨ, ਭਾਂਵੇ ਕਿ ਹੋਰਨਾਂ ਕਿਸਾਨਾਂ ਤੱਕ ਪਰਾਲੀ ਨਾ ਸਾੜਨ ਦਾ ਸੁਨੇਹਾ ਪੁੱਜਦਾ ਕਰਨ, ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਕਾਰਜ ਵਿਚ ਲੱਗੇ ਹੋਣ ਕਾਰਨ ਉਸਦੀ ਬਿਜਾਈ ਪਿੱਛੜੀ ਹੈ ਪਰ ਫਿਰ ਵੀ ਉਨ੍ਹਾਂ ਨੇ ਸਾਰੇ ਖੇਤ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਖੇਤ ਖਾਲੀ ਕਰਵਾ ਕੇ ਕਣਕ ਦੀ ਬਿਜਾਈ ਕੀਤੀ ਹੈ। ਉਹ ਅੱਜ ਛੁੱਟੀ ਵਾਲੇ ਦਿਨ ਖੁਦ ਟਰੈਕਟਰ ਚਲਾ ਕੇ ਕਣਕ ਲਈ ਖੇਤ ਦੀ ਤਿਆਰ ਕਰਦੇ ਵਿਖਾਈ ਦਿੱਤੇ।
ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਇਸੇ ਵਿਧੀ ਨਾਲ ਝੋਨੇ ਦੀ ਪਰਾਲੀ ਦਾ ਹੱਲ ਕਰਦੇ ਆਏ ਹਨ ਅਤੇ ਇਸ ਸਾਲ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਰਵਾਇਤ ਨੂੰ ਜਾਰੀ ਰੱਖਿਆ ਹੈ।
ਗੁਰਮੀਤ ਸਿੰਘ ਚੀਮਾ ਆਖਦੇ ਹਨ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਪੈਦਾ ਹੋਣ ਵਾਲਾ ਧੂੰਆ ਸਭ ਤੋਂ ਪਹਿਲਾਂ ਸਾਡੇ ਕਿਸਾਨਾਂ ਦੀ ਆਪਣੀ ਸਿਹਤ ਲਈ ਵੱਡਾ ਨੁਕਸਾਨ ਦਾ ਕਾਰਨ ਬਣਦਾ ਹੈ। ਇਸ ਲਈ ਪਰਾਲੀ ਨਹੀਂ ਸਾੜਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਪਰਾਲੀ ਦੀਆਂ ਗੱਠਾਂ ਚੁਕਾਉਣ ਤੋਂ ਬਾਅਦ ਵੀ ਜੋ ਰਹਿੰਦ ਖੁਹੰਦ ਬਚਦੀ ਹੈ ਉਸਨੂੰ ਵੀ ਉਹ ਇੱਕਠਾ ਕਰਵਾ ਕੇ ਸੰਭਾਲ ਰਹੇ ਹਨ ਜਿਸ ਦੀ ਵਰਤੋਂ ਜਾਨਵਰਾਂ ਥੱਲੇ ਸੁੱਕਾ ਕਰਨ ਲਈ ਕੀਤੀ ਜਾਵੇਗੀ ਜਿਸਤੋਂ ਖਾਦ ਬਣੇਗੀ, ਅਤੇ ਇਸ ਨੂੰ ਵੀ ਅੱਗ ਨਹੀਂ ਲਗਾ ਰਹੇ ਹਨ।
ਉਹ ਆਖਦੇ ਹਨ ਕਿ ਖੇਤੀਬਾੜੀ ਵਿਭਾਗ ਦੇ ਜਿਸ ਵੀ ਸਟਾਫ ਕੋਲ ਜਮੀਨ ਹੈ ਅਤੇ ਉਹ ਝੋਨੇ ਦੀ ਖੇਤੀ ਕਰਦਾ ਹੈ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਬਿਨ੍ਹਾਂ ਸਾੜੇ ਹੀ ਕਣਕ ਦੀ ਬਿਜਾਈ ਕੀਤੀ ਹੈ।

About The Author