ਚੇਤਨ ਸਿੰਘ ਜੌੜਾਮਾਜਰਾ ਨੇ ਰਾਜਿੰਦਰਾ ਹਸਪਤਾਲ ‘ਚ ਦਾਖਲ ਕਿਸਾਨਾਂ ਦਾ ਹਾਲ-ਚਾਲ ਜਾਣਿਆ -ਕਿਹਾ, ਹਰਿਆਣਾ ਸਰਕਾਰ ਨੇ ਕਿਸਾਨਾਂ ‘ਤੇ ਅੱਤਿਆਚਾਰ ਕਰਕੇ ਲੋਕਤੰਤਰ ਦੀ ਹੱਤਿਆ ਕੀਤੀ

ਪਟਿਆਲਾ , 23 ਫਰਵਰੀ | ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਜਖ਼ਮੀ ਹੋਏ ਕਿਸਾਨ, ਜੋ ਕਿ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹਨ, ਦੀ ਸਿਹਤ ਦਾ ਹਾਲ-ਚਾਲ ਜਾਣਿਆ।
ਇਸ ਮੌਕੇ ਜੌੜਾਮਾਜਰਾ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਨਿੰਦਾ ਕਰਦਿਆਂ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ।
ਚੇਤਨ ਸਿੰਘ ਜੌੜਾਮਾਜਰਾ ਨੇ ਹਸਪਤਾਲ ਵਿਖੇ ਦਾਖਲ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਕੇਂਦਰ ਦੇ ਇਸ਼ਾਰੇ ‘ਤੇ ਹੀ ਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਹਰਿਆਣਾ ਸਰਹੱਦ ਨੂੰ ਦੂਜੇ ਦੇਸ਼ ਦੀ ਸਰਹੱਦ ਬਣਾ ਦਿੱਤਾ ਹੈ।
ਕੈਬਨਿਟ ਮੰਤਰੀ ਨੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਤੇ ਹੋਰ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕਿਸਾਨ ਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਜਖ਼ਮੀ ਕਿਸਾਨਾਂ ਦਾ ਇਲਾਜ ਮੁਫ਼ਤ ਕਰਨ ਲਈ ਹਦਾਇਤ ਜਾਰੀ ਕੀਤੀ ਹੈ।
ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਡਾ. ਬਲਬੀਰ ਸਿੰਘ ਤੇ ਡਾ. ਬਲਜੀਤ ਕੌਰ ਸਮੇਤ ਵਿਧਾਇਕ ਡਾ. ਚਰਨਜੀਤ ਸਿੰਘ, ਜੋ ਕਿ ਅੱਖਾਂ ਦੇ ਮਾਹਰ ਡਾਕਟਰ ਹਨ, ਦੀ ਵੀ ਕਿਸਾਨਾਂ ਦੇ ਇਲਾਜ ਦੀ ਡਿਊਟੀ ਵਿਸ਼ੇਸ਼ ਤੌਰ ‘ਤੇ ਲਗਾਈ ਹੈ।
ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ, ਛੋਟੀ ਭੈਣ ਲਈ ਸਰਕਾਰੀ ਨੌਕਰੀ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਕਿਉਂਕਿ ਸਾਡੇ ਕਿਸਾਨ ਆਪਣੇ ਦੇਸ਼ ਦੇ ਕਿਸਾਨਾਂ ਦੀ ਆਰਥਿਕ ਆਜ਼ਾਦੀ ਦੀ ਲੜਾਈ ਲੜ ਰਹੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਆਪ ਦੇ ਸ਼ਹਿਰੀ ਪ੍ਰਧਾਨ ਤੇ ਡਾਇਰੈਕਟਰ ਤੇਜਿੰਦਰ ਮਹਿਤਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪੀਏ ਹਰਸ਼ਪਾਲ ਰਾਹੁਲ, ਸੁਰਜੀਤ ਸਿੰਘ ਫ਼ੌਜੀ ਤੇ ਹੋਰ ਮੌਜੂਦ ਸਨ।

About The Author

You may have missed