ਸੇਫ ਸਕੂਲ ਵਾਹਨ ਪਾਲਿਸੀ ਤਹਿਤ 22 ਸਕੂਲੀ ਬੱਸਾਂ ਦੀ ਕੀਤੀ ਚੈਕਿੰਗ
ਹੁਸ਼ਿਆਰਪੁਰ , 26 ਅਪ੍ਰੈਲ | ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਕੂਲ ਮੁਖੀ ਵੱਲੋ ਬੱਸਾਂ ਵਿਚ ਸਾਰੇ ਨਾਰਮਜ਼/ਸ਼ਰਤਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ। ਇਸ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਟ੍ਰਿਪਲ ਐਮ ਐਜੂਕੇਸ਼ਨ ਇੰਸਟੀਚਿਊਟ ਦਸੂਹਾ ਅਤੇ ਸੇਂਟ ਔਗਸਟੀਨ ਸਕੂਲ, ਪੰਡੋਰੀ ਲਮੀਰ ਦਸੂਹਾ ਵਿਚ 22 ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿਚ ਮਿਆਦ ਖਤਮ ਹੋ ਚੁੱਕੀਆਂ ਫਸਟ ਏਡ ਕਿੱਟਾਂ, ਬਿਨਾਂ ਲੇਡੀ ਅਟੈਂਡੈਂਟ, ਬਿਨਾਂ ਪਾਸਿੰਗ, ਸਪੀਡ ਗਵਰਨਰ ਦਾ ਨਾ ਹੋਣਾ, ਬੱਸ ਵਿਚ ਐਮਰਜੈਂਸੀ ਐਗਜ਼ਿਟ ਦਾ ਨਾ ਹੋਣਾ, ਬਿਨਾਂ ਅੱਗ ਬੁਝਾਊ ਯੰਤਰ, ਬਿਨਾਂ ਸੀ.ਸੀ.ਟੀ.ਵੀ ਕੈਮਰਾ, ਬੱਸ ਵਿਚ ਸਿਟਿੰਗ ਕਪੈਸਿਟੀ ਦਾ ਵੱਧ ਹੋਣਾ ਆਦਿ ਕਮੀਆਂ ਪਾਈਆਂ ਗਈਆਂ, ਉਨ੍ਹਾਂ 9 ਬੱਸਾਂ ਦਾ ਚਲਾਨ ਕੱਟਿਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਸੁਰੱਖਿਆ ਅਫਸਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਬੱਸਾਂ ਨਾਲ ਅਕਸਰ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮੌਕੇ ਟਾਸਕ ਫੋਰਸ ਵੱਲੋਂ ਦੱਸਿਆ ਕਿ ਇਸ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿਚ ਲਗਾਤਾਰ ਚਲਾਇਆ ਜਾਵੇਗਾ। ਟਾਸਕ ਫੋਰਸ ਵੱਲੋਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਡਰਾਈਵਰਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਕਰਵਾਇਆ ਜਾਵੇ, ਸਾਰੀਆਂ ਬੱਸਾਂ ਦੇ ਡਰਾਈਵਰ ਅਤੇ ਅਟੈਂਡੈਂਟ ਆਪਣੀ ਯੂਨੀਫਾਰਮ ਜ਼ਰੂਰ ਪਾਉਣ, ਬੱਸਾਂ ਵਿਚ ਸਫਰ ਕਰਨ ਵਾਲੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਣ ਉਨ੍ਹਾਂ ਨੂੰ ਬੱਸ ਤੋਂ ਚੜ੍ਹਨ ਅਤੇ ਉਤਰਨ ਸਮੇਂ ਸਹੀ ਤਰੀਕੇ ਨਾਲ ਰੋਡ ਕਰਾਸ ਕਰਵਾਉਣ ਅਤੇ ਜਿਨ੍ਹਾਂ ਸਕੂਲੀ ਬੱਸਾਂ ਵਿਚ ਜੋ ਵੀ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇ।
ਇਸ ਮੌਕੇ ਸੋਸ਼ਲ ਵਰਕਰ ਰਣਜੀਤ ਕੌਰ, ਮਲਕੀਤ ਸਿੰਘ, ਅਸ਼ੋਕ ਕੁਮਾਰ, ਟ੍ਰੈਫਿਕ ਪੁਲਿਸ ਸੰਤੋਖ ਸਿੰਘ, ਐਸ.ਡੀ.ਐਮ ਦਫ਼ਤਰ ਦਸੂਹਾ ਤੋਂ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।