ਤਾਲਿਬਾਨੀ ਹੁਕਮਾਂ ਕਾਰਨ ਅਫ਼ਗ਼ਾਨੀ ਔਰਤਾਂ ਇਕੱਲੀਆਂ ਬਾਹਰ ਨਿਕਲਣ ਤੋਂ ਡਰੀਆਂ , ਸੰਯੁਕਤ ਰਾਸ਼ਟਰ ਮਿਸ਼ਨ ਵੱਲੋਂ ਜਾਰੀ ਰਿਪੋਰਟ ‘ਚ ਆਖੀ ਇਹ ਗੱਲ
ਇਸਲਾਮਾਬਾਦ , 18 ਫਰਵਰੀ । ਅਫ਼ਗ਼ਾਨਿਸਤਾਨ ਦੀ ਸੱਤਾ ’ਤੇ ਕਾਬਜ਼ ਤਾਲਿਬਾਨ ਦੇ ਹੁਕਮਾਂ ਕਾਰਨ ਅਫ਼ਗ਼ਾਨ ਔਰਤਾਂ ਘਰ ਤੋਂ ਇਕੱਲੀਆਂ ਬਾਹਰ ਨਿਕਲਣ ਤੋਂ ਡਰਨ ਲੱਗੀਆਂ ਹਨ ਤੇ ਉਹ ਖ਼ੁਦ ਨੂੰ ਅਸੁਰੱਖਿਅਤ ਸਮਝਣ ਲੱਗੀਆਂ ਹਨ। ਕਤਰ ਦੀ ਰਾਜਧਾਨੀ ਦੋਹਾ ਵਿਚ ਮੀਟਿੰਗ ਤੋਂ ਪਹਿਲਾਂ ਅਫ਼ਗ਼ਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਦੀ ਤਰਫੋਂ ਜਾਰੀ ਰਿਪੋਰਟ ਵਿਚ ਇਹ ਗੱਲ ਆਖੀ ਗਈ ਹੈ। ਸੰਯੁਕਤ ਰਾਸ਼ਟਰ ਵੱਲੋਂ ਸੱਦੀ ਗਈ ਮੀਟਿੰਗ ਵਿਚ ਮੈਂਬਰ ਮੁਲਕਾਂ ਤੇ ਅਫ਼ਗ਼ਾਨਿਸਤਾਨ ਵਿਚ ਵਿਸ਼ੇਸ਼ ਦੂਤਾਂ ਦੇ ਨਾਲ ਤਾਲਿਬਾਨ ਦੇ ਹਵਾਲੇ ਨਾਲ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਮੁਲਕ ਦੇ ਸੰਕਟ ’ਤੇ ਗੱਲਬਾਤ ਕੀਤੀ ਜਾਵੇਗੀ।
ਅਮਰੀਕਾ ਤੇ ਨਾਟੋ ਵੱਲੋਂ ਫ਼ੌਜ ਵਾਪਸ ਸੱਦੇ ਜਾਣ ਮਗਰੋਂ ਅਗਸਤ 2021 ਵਿਚ ਅਫ਼ਗ਼ਾਨਿਸਤਾਨ ਦੀ ਸੱਤਾ ’ਤੇ ਕਬਜ਼ਾ ਕਰਨ ਵਾਲੇ ਤਾਬਿਲਾਨ ਨੇ ਔਰਤਾਂ ਦੇ ਜੀਵਨ ’ਤੇ ਪਹਿਰਾ ਦਿੱਤਾ ਹੈ। ਜ਼ਿਆਦਾ ਉਦਾਰ ਸ਼ਾਸਨ ਦਾ ਵਾਅਦਾ ਕਰਨ ਵਾਲੇ ਤਾਬਿਲਾਨ ਨੇ ਔਰਤਾਂ ’ਤੇ ਅਣਗਿਣਤ ਬੰਦਸ਼ਾਂ ਲਗਾ ਦਿੱਤੀਆਂ ਹਨ।
ਜਨਤਕ ਜੀਵਨ ਦੇ ਬਹੁਤੇ ਖੇਤਰਾਂ ਵਿਚ ਔਰਤਾਂ ’ਤੇ ਪਾਬੰਦੀਆਂ ਆਇਦ ਹਨ। ਕੁੜੀਆਂ ਛੇਵੀਂ ਜਮਾਤ ਤੋਂ ਅੱਗੇ ਪੜ੍ਹ ਨਹੀਂ ਸਕਦੀਆਂ। ਔਰਤਾਂ ਰੁਜ਼ਗਾਰ ਤੇ ਨੌਕਰੀਆਂ ਤੋਂ ਵਾਂਝੀਆਂ ਕਰ ਦਿੱਤੀਆਂ ਗਈਆਂ ਹਨ। ਜੇ ਵਿਆਹ ਨਹੀਂ ਹੋਇਆ ਤਾਂ ਉਹ ਬਿਨਾਂ ਮਰਦ ਰਖਵਾਲੇ ਤੋਂ ਸਫ਼ਰ ਨਹੀਂ ਕਰ ਸਕਦੀਆਂ ਹਨ। ਤਾਲਿਬਾਨ ਵੱਲੋਂ ਜਾਰੀ ਹਿਜਾਬ ਨਿਯਮ ਦੀ ਪਾਲਣਾ ਨਾ ਕਰਨ ’ਤੇ ਔਰਤ ਦੀ ਗਿ੍ਰਫ਼ਤਾਰੀ ਹੋ ਸਕਦੀ ਹੈ। ਰਿਪੋਰਟ ਮੁਤਾਬਕ ਜਿੰਨੀਆਂ ਔਰਤਾਂ ਤੇ ਮੁਟਿਆਰਾਂ ਨਾਲ ਗੱਲਬਾਤ ਕੀਤੀ ਹੈ, ਉਹ ਦੱਸਦੀਆਂ ਹਨ ਕਿ ਗਿ੍ਰਫ਼ਤਾਰੀ ਦੇ ਡਰ ਕਾਰਨ ਉਹ ਸੁਤੰਤਰ ਮਹਿਸੂਸ ਨਹੀਂ ਕਰਦੀਆਂ।