ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ

ਪਟਿਆਲਾ , 14 ਜੂਨ | ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਲਈ ਨਗਰ ਨਿਗਮ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ‘ਤੇ ਲੱਗੇ ਸਾਈਨ ਬੋਰਡਾਂ ‘ਤੇ ਵੱਖ ਵੱਖ ਤਰ੍ਹਾਂ ਦੇ ਪੋਸਟਰ ਲਗਾ ਦਿੱਤੇ ਜਾਂਦੇ ਹਨ ਜਿਸ ਕਾਰਨ ਵਾਹਨ ਚਾਲਕਾਂ ਨੂੰ ਟਰੈਫਿਕ ਸੰਕੇਤਾਂ ਦਾ ਪਤਾ ਨਹੀਂ ਲੱਗਦਾ ਜੋ ਦੁਰਘਟਨਾ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਪਟਿਆਲਾ ਦੀਆਂ ਜਿਨ੍ਹਾਂ ਸੜਕਾਂ ‘ਤੇ ਸਾਈਨ ਬੋਰਡ ਖਰਾਬ ਹੋ ਗਏ ਹਨ ਜਾ ਨਹੀਂ ਲੱਗੇ ਹਨ, ਉਥੇ ਟਰੈਫ਼ਿਕ ਪੁਲਿਸ ਅਤੇ ਪੀ.ਡਬਲਿਊ.ਡੀ. ਵਿਭਾਗ ਸਾਂਝੇ ਤੌਰ ‘ਤੇ ਦੌਰਾ ਕਰਕੇ ਅਜਿਹੀਆਂ ਸਾਈਟਾਂ ਦੀ ਪਹਿਚਾਣ ਕਰਨ ਅਤੇ ਇਥੇ ਤੁਰੰਤ ਸਾਈਨ ਬੋਰਡ ਲਗਾਉਣ ਦੀ ਕਾਰਵਾਈ ਅਰੰਭ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਲੱਗੀ ਰੇਲਿੰਗ ਕਈ ਵਾਰ ਦੁਰਘਟਨਾ ਕਾਰਨ ਟੁੱਟ ਜਾਂਦੀ ਹੈ ਜੋ ਸਮੇਂ ਸਿਰ ਠੀਕ ਨਾ ਕਰਨ ਕਾਰਨ ਹੋਰ ਦੁਰਘਟਨਾਵਾਂ ਦਾ ਕਾਰਨ ਬਣ ਸਕਦੀ ਹੈ ਇਸ ਲਈ ਸਬੰਧਤ ਵਿਭਾਗ ਸੜਕਾਂ ‘ਤੇ ਲੱਗੀਆਂ ਰੇਲਿੰਗਾਂ ਦੀ ਸਮੇਂ ਸਮੇਂ ‘ਤੇ ਜਾਂਚ ਕਰਨ ਅਤੇ ਕਿਸੇ ਦੁਰਘਟਨਾ ਹੋਣ ‘ਤੇ ਤੁਰੰਤ ਰੇਲਿੰਗ ਨੂੰ ਠੀਕ ਕੀਤਾ ਜਾਵੇ।
ਮੀਟਿੰਗ ‘ਚ ਏ.ਡੀ.ਸੀ ਮੈਡਮ ਕੰਚਨ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨੀਸ਼ਾ ਰਾਣਾ, ਐਸ.ਪੀ. ਹਰਵੰਤ ਕੌਰ, ਡੀ.ਐਸ.ਪੀ. ਕਰਨੈਲ ਸਿੰਘ, ਐਚ.ਪੀ.ਐਸ. ਲਾਂਬਾ ਸਮੇਤ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।