ਅਮਰੀਕਾ ਦੇ ਹਾਈ ਸਕੂਲ ’ਚ ਗੋਲੀਬਾਰੀ ਦੌਰਾਨ ਛੇਵੀਂ ਦੇ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ , 5 ਜਨਵਰੀ । ਅਮਰੀਕਾ ਦੇ ਆਯੋਵਾ ਵਿਚ ਸਰਦਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਵੀਰਵਾਰ ਨੂੰ ਖੁੱਲ੍ਹੇ ਹਾਈ ਸਕੂਲ ਵਿਚ ਪਹਿਲੇ ਦਿਨ ਇਕ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ ਵਿਚ ਛੇਵੀਂ ਜਮਾਤ ਦਾ ਪਾੜ੍ਹਾ ਮਾਰਿਆ ਗਿਆ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ। ਜ਼ਖ਼ਮੀ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਕ ਹੋਰ ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਪੇਰੀ ਹਾਈ ਸਕੂਲ ਦਾ ਪਿ੍ਰੰਸੀਪਲ ਡੈਨ ਮਾਰਬਰਗਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਹਮਲਾਵਰ ਦੀ ਸ਼ਨਾਖਤ ਪੇਰੀ ਹਾਈ ਸਕੂਲ ਦੇ ਵਿਦਿਆਰਥੀ 17 ਸਾਲਾ ਡਾਇਲਨ ਬਟਲਰ ਵਜੋਂ ਕੀਤੀ ਹੈ। ਉਸ ਦੇ ਉਦੇਸ਼ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਹਮਲੇ ਸਮੇਂ ਕੀਤੀ ਗਈ ਇੰਟਰਨੈੱਟ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੂੰ ਸ਼ੂਟਰ ਦੇ ਕੋਲੋਂ ਸ਼ਾਟਗੰਨ ਤੇ ਹੈਂਡਗਨ ਮਿਲੀ ਹੈ। ਹਾਈ ਸਕੂਲ ਦੀ ਤਲਾਸ਼ੀ ਦੌਰਾਨ ਧਮਾਕਾਖੇਜ਼ ਬਰਾਮਦ ਹੋਏ ਹਨ। ਇਸੇ ਦੌਰਾਨ ਵਿਦਿਆਰਥੀਆਂ ਯੇਸੇਨੀਆ ਰੋਏਡਰ ਤੇ ਖਾਮਯਾ ਹਾਲ ਨੇ ਕਿਹਾ ਹੈ ਕਿ ਪ੍ਰਾਇਮਰੀ ਸਕੂਲ ਪਾਸ ਕਰਨ ਤੋਂ ਬਾਅਦ ਹੀ ਬਟਲਰ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਸੀ। ਇਹ ਘਟਨਾਵਾਂ ਵਧੀਆਂ ਜਦੋਂ ਉਸ ਦੀ ਛੋਟੀ ਭੈਣ ਨੂੰ ਵੀ ਪਰੇਸ਼ਾਨ ਕੀਤਾ ਜਾਣ ਲੱਗਾ। ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਦਖ਼ਲ ਨਹੀਂ ਦਿੱਤਾ। 17 ਸਾਲਾ ਯੇਸੇਨੀਆ ਨੇ ਕਿਹਾ ਕਿ ਉਸ ਨੂੰ ਦਰਦ ਹੋ ਰਿਹਾ ਹੈ ਪਰ ਕਿਸੇ ਨੁੰ ਗੋਲੀ ਮਾਰਨਾ ਸਹੀ ਗੱਲ ਨਹੀਂ। ਪੇਰੀ ਹਾਈ ਸਕੂਲ ਦੀ ਸੀਨੀਅਰ ਈਵਾ ਆਗਸਟਨ ਨੇ ਕਿਹਾ ਕਿ ਉਹ ਕੌਂਸਲਰ ਦਾ ਇੰਤਜ਼ਾਰ ਕਰ ਰਹੀ ਕਿ ਗੋਲੀਆਂ ਚੱਲਣ ਦੀ ਆਵਾਜ਼ ਕੰਨ੍ਹੀਂ ਪਈ। ਡਰ ਕਾਰਨ ਦਰਵਾਜਾ ਬੰਦ ਕਰ ਦਿੱਤਾ ਗਿਆ। ਫਿਰ ਆਵਾਜ਼ ਸੁਣੀ ਕਿ ਹਮਲਾਵਰ ਮਰ ਗਿਆ ਹੈ, ਤੁਸੀਂ ਬਾਹਰ ਜਾ ਸਕਦੇ ਹੋ।

ਗਵਰਨਰ ਕਿਮ ਰੈਨਾਲਡਜ਼ ਨੇ ਨਵੇਂ ਵਰ੍ਹੇ ਦੌਰਾਨ ਇਸ ਤਰ੍ਹਾਂ ਦੀ ਘਟਨਾ ਨੂੰ ਲੈ ਕੇ ਦੁੱਖ ਜ਼ਾਹਰ ਕੀਤਾ ਹੈ। ਨਾਲ ਹੀ ਆਯੋਵਾ ਵਿਚ ਸਾਰੇ ਝੰਡੇ ਅੱਧੇ ਝੁਕਾਉਣ ਦਾ ਹੁਕਮ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਵੇਦਨਹੀਣ ਤ੍ਰਾਸਦੀ ਨੇ ਸਾਡੇ ਸੂਬੇ ਨੂੰ ਅੰਦਰ ਤਕ ਹਿਲਾ ਦਿੱਤਾ ਹੈ। ਗੋਲੀਬਾਰੀ ਬਾਰੇ ਰਾਸ਼ਟਰਪਤੀ ਜੋ ਬਾਇਡਨ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ। ਐੱਫਬੀਆਈ ਏਜੰਟ ਆਯੋਵਾ ਡਵੀਜ਼ਨ ਆਫ ਕ੍ਰਿਮੀਨਲ ਇੰਵੈਸਟੀਗੇਸ਼ਨ ਦੀ ਅਗਵਾਈ ਵਿਚ ਜਾਂਚ ਵਿਚ ਮਦਦ ਕਰ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਮੁਕਾਬਲਾ ਦੇ ਰਹੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਦਾ ਪ੍ਰੋਗਰਾਮ ਇਸੇ ਸਕੂਲ ਤੋਂ ਢਾਈ ਕਿੱਲੋਮੀਟਰ ਦੂਰ ਪੇਰੀ ਵਿਚ ਹੋਣਾ ਸੀ ਪਰ ਘਟਨਾ ਕਾਰਨ ਉਹ ਰੱਦ ਕਰ ਦਿੱਤਾ ਗਿਆ।

About The Author

You may have missed