ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਵੋਟਾਂ ਬਣਾਉਣ ਲਈ 17 ਅਤੇ 18 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਕੈਂਪ
ਪਟਿਆਲਾ , 16 ਫਰਵਰੀ | ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਦੱਸਿਆ ਕਿ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮਾਵਲੀ 1959 ਅਧੀਨ ਗੁਰਦੁਆਰਾ ਵੋਟਰ ਸੂਚੀ ਦੀ ਤਿਆਰੀ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਅਨੁਸਾਰ ਮਿਤੀ 29.02.2024 ਤੱਕ ਵੋਟਾਂ ਦੀ ਰਜਿਸਟਰੇਸ਼ਨ ਕੀਤੀ ਜਾਣੀ ਹੈ ਅਤੇ ਇਸ ਸਬੰਧੀ ਵੋਟਰਾਂ ਤੋਂ ਵੋਟ ਰਜਿਸਟਰੇਸ਼ਨ ਦੇ ਫਾਰਮ ਪ੍ਰਾਪਤ ਕਰਨ ਲਈ ਪਟਿਆਲਾ ਜ਼ਿਲ੍ਹੇ ਵਿੱਚ ਮਿਤੀ 17 ਅਤੇ 18 ਫਰਵਰੀ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰੇਕ 21 ਸਾਲ ਤੋਂ ਵੱਧ ਉਮਰ ਦਾ ਕੇਸਾਧਾਰੀ ਸਿੱਖ ਜੋ ਆਪਣੇ ਦਾੜ੍ਹੀ ਜਾਂ ਕੇਸਾਂ ਨੂੰ ਨਾ ਕੱਟਦਾ ਹੋਵੇ ਜਾਂ ਸ਼ੇਵ ਨਾ ਕਰਦਾ ਹੋਵੇ ਅਤੇ ਸਿਗਰਟ, ਸ਼ਰਾਬ ਨਾ ਪੀਂਦਾ ਹੋਵੇ ਅਤੇ ਮਾਸ ਦਾ ਸੇਵਨ ਨਾ ਕਰਦਾ ਹੋਵੇ, ਜਿੱਥੇ ਉਹ ਰਹਿੰਦਾ ਹੈ, ਸਬੰਧਤ ਗੁਰਦੁਆਰਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰ. 1 (ਕੇਸਾਧਾਰੀ ਸਿੱਖ ਲਈ) ਭਰ ਕੇ ਪਿੰਡਾਂ/ਸ਼ਹਿਰਾਂ ਵਿੱਚ ਪਟਵਾਰੀਆਂ, ਬੀ.ਐਲ.ਓ, ਡੈਜ਼ੀਗਨੇਟਿਡ ਕਰਮਚਾਰੀਆਂ ਨੂੰ ਦੇ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਪੈਂਦੇ ਗੁਰਦੁਆਰਾ ਚੋਣ ਹਲਕਾ 52 ਸਮਾਣਾ, 53 ਨਾਭਾ, 54 ਭਾਦਸੋਂ, 55 ਡਕਾਲਾ, 56 ਪਟਿਆਲਾ ਸ਼ਹਿਰ, 57 ਸਨੌਰ ਅਤੇ 59 ਰਾਜਪੁਰਾ ਲਈ ਯੋਗ ਵੋਟਰ ਆਪਣੇ ਖੇਤਰ ਦੇ ਪਟਵਾਰੀ/ਡੈਜੀਗਨੇਟਿਡ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਾਰਮ ਜਮ੍ਹਾਂ ਕਰਵਾਉਣ ਲਈ 17 ਫਰਵਰੀ ਅਤੇ 18 ਫਰਵਰੀ ਨੂੰ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵੋਟਾਂ ਬਣਾਉਣ ਲਈ ਯੋਗ ਵਸਨੀਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਨ ਲਈ ਫਾਰਮ ਨੰਬਰ 1 ਭਰ ਕੇ ਤੁਰੰਤ ਸਬੰਧਤ ਕਰਮਚਾਰੀ/ਦਫ਼ਤਰ ਵਿੱਚ ਦੇਣ ਅਤੇ ਵੋਟਰ ਰਜਿਸਟਰੇਸ਼ਨ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਅਹਿਮ ਕੰਮ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਈ ਜਾਵੇ।