ਸਰਕਾਰੀ ਮਹਿੰਦਰਾ ਕਾਲਜ ਦੀ ਸਲਾਨਾ ਅਥਲੈਟਿਕ ਮੀਟ ਮੌਕੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਵਿਦਿਆਰਥੀ ਵੋਟਰਾਂ ਲਈ ਵਿਸ਼ੇਸ਼ ਕੈਂਪ ਦਾ ਆਯੋਜਨ
ਪਟਿਆਲਾ , 8 ਮਾਰਚ | ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਮਹਿੰਦਰਾ ਕਾਲਜ ਵਿਖੇ ਸਲਾਨਾ ਅਥਲੈਟਿਕ ਮੀਟ ਦੌਰਾਨ ਸਵੀਪ ਪਟਿਆਲਾ ਵੱਲੋਂ ਵਿਦਿਆਰਥੀ ਵੋਟਰਾਂ ਲਈ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੈ ਅਤੇ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀ ਸਕੱਤਰ ਸਿੰਘ ਬੱਲ ਨੇ ਸ਼ਿਰਕਤ ਕੀਤੀ।
ਕੈਂਪ ਵਿਚ ਕਾਲਜ ਦੇ ਵਿਦਿਆਰਥੀਆ ਨੂੰ ਈਵੀਐਮ ਅਤੇ ਵੀ ਵੀ ਪੈਟ ਮਸ਼ੀਨਾਂ ਸਬੰਧੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ। ਕੈਂਪ ਵਿਚਲੇ ਵੋਟਰ ਪ੍ਰਣ ਬੋਰਡ ਅਤੇ ਸੈਲਫੀ ਸਟੈਂਡ ਵਿਦਿਆਰਥੀਆਂ ਲਈ ਆਕਰਸ਼ਨ ਦੇ ਕੇਂਦਰ ਰਹੇ। ਸੰਯੁਕਤ ਮੁੱਖ ਚੋਣ ਅਫ਼ਸਰ ਸ਼੍ਰੀ ਬੱਲ ਨੇ ਵੋਟਰ ਪ੍ਰਣ ਬੋਰਡ ਤੇ ਹਸਤਾਖ਼ਰ ਵੀ ਕੀਤੇ ਅਤੇ ਵਿਦਿਆਰਥੀਆ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨੂੰ ਕਿਹਾ।
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸਵਿੰਦਰ ਰੇਖੀ ਅਤੇ ਟੀਮ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਲਈ ਵਿਦਿਆਰਥੀ ਵੋਟਰਾਂ ਨੂੰ ਆਉਣ ਵਾਲੀਆ ਲੋਕ ਸਭਾ ਚੋਣਾ ਸਬੰਧੀ ਜਾਣੂ ਕਰਵਾਇਆ ਗਿਆ ਤੇ ਵੋਟਾਂ ਵਿੱਚ 100 ਫ਼ੀਸਦੀ ਭਾਗੀਦਾਰੀ ਲਈ ਵੀ ਪ੍ਰੇਰਤ ਕੀਤਾ ਗਿਆ ਤਾਂ ਜੋ ਘੱਟ ਪ੍ਰਤੀਸ਼ਤ ਵਾਲੇ ਪੋਲਿੰਗ ਬੂਥਾਂ ਦੀ ਵੋਟਰ ਪ੍ਰਤੀਸ਼ਤ ਨੂੰ ਵਧਾਇਆ ਜਾ ਸਕੇ। ਕਾਲਜ ਦੇ ਵਿਦਿਆਰਥੀਆਂ ਵੱਲੋਂ ਸਵੀਪ ਸਬੰਧੀ ਰੰਗੋਲੀ ਵੀ ਇਸ ਸਮੇਂ ਤਿਆਰ ਕੀਤੀ ਗਈ। ਇਸ ਸਮੇਂ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ, ਹਲਕੇ ਦੇ ਨੋਡਲ ਅਫ਼ਸਰ ਰੁਪਿੰਦਰ ਸਿੰਘ (ਪਟਿਆਲਾ ਸ਼ਹਿਰੀ), ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਪਟਿਆਲਾ ਮੋਹਿਤ ਕੌਸ਼ਲ, ਸਵੀਪ ਟੀਮ ਦੇ ਬਰਿੰਦਰ ਸਿੰਘ, ਅਵਤਾਰ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਵੀ ਹਾਜ਼ਰ ਰਹੇ।