ਲੰਡਨ ‘ਚ ਪੰਜਾਬੀ ਕੁੜੀ ਦਾ ਤੇਜ਼ਧਾਰ ਹਥਿ.ਆਰਾਂ ਨਾਲ ਕਤਲ, ਪਿਛਲੇ ਸਾਲ ਸਟੱਡੀ ਵੀਜ਼ਾ ‘ਤੇ ਗਈ ਸੀ ਵਿਦੇਸ਼

ਲੰਡਨ, 31 ਅਕਤੂਬਰ  | ਲੰਡਨ ‘ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਕਰੋਇਡੋਨ ਵਿੱਚ ਪੰਜਾਬੀ ਕੁੜੀ ਦਾ ਉਸ ਦੇ ਘਰ ਦੇ ਅੰਦਰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 19 ਸਾਲਾ ਲੜਕੀ ਮਹਿਕ ਸ਼ਰਮਾ ਪੁੱਤਰੀ ਤਰਲੋਕ ਚੰਦ ਬਟਾਲਾ ਦੇ ਕਾਦੀਆਂ ਦੇ ਨੇੜਲੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ ਸੀ। ਮਹਿਕ ਸ਼ਰਮਾ ਵਿਆਹੀ ਹੋਈ ਸੀ ਪਿਛਲੇ ਸਾਲ ਸਟੱਡੀ ਵੀਜ਼ਾ ‘ਤੇ ਵਿਦੇਸ਼ ਗਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਮਾਂ ਮਧੂ ਬਾਲਾ ਨੇ ਦੱਸਿਆ ਉਹ ਵਿਧਵਾ ਹੈ। ਉਸ ਦੀ ਬੇਟੀ ਮਹਿਕ ਸ਼ਰਮਾ ਦਾ ਵਿਆਹ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਉਸ ਦੀ ਬੇਟੀ ਬਾਰ੍ਹਵੀਂ ਪਾਸ ਸੀ ਤੇ ਸਟੱਡੀ ਵੀਜ਼ਾ ‘ਤੇ 20 ਨਵੰਬਰ 2022 ਨੂੰ ਲੰਡਨ ਗਈ ਸੀ। ਕੁਝ ਮਹੀਨੇ ਪਹਿਲਾਂ ਉਸ ਦਾ ਪਤੀ ਸਾਹਿਲ ਸ਼ਰਮਾ ਸਪਾਉਸ ਵੀਜ਼ਾ ‘ਤੇ ਉਸ ਕੋਲ ਲੰਡਨ ਚਲਾ ਗਿਆ।

ਮਹਿਕ ਸ਼ਰਮਾ ਨੇ ਆਪਣਾ ਸਟੱਡੀ ਤੋਂ ਸਕਿਲਡ ਵਰਕਰ ਵਰਕ ਪਰਮਿਟ ‘ਚ ਤਬਦੀਲ ਕਰਵਾ ਲਿਆ ਸੀ। ਇਸ ਸਮੇਂ ਉਹ ਫ਼ੈਬੁਲਸ ਹੋਮ ਕੇਅਰ ਲਿਮਟਿਡ ‘ਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਸਾਹਿਲ ਲੰਡਨ ਗਿਆ, ਉਹ ਉਸ ਦੀ ਬੇਟੀ ਨੂੰ ਤੰਗ ਕਰ ਰਿਹਾ ਸੀ। ਉਹ ਸ਼ੱਕੀ ਕਿਸਮ ਦਾ ਵਿਅਕਤੀ ਸੀ ਤੇ ਧਮਕੀਆਂ ਦਿੰਦਾ ਸੀ ਕਿ ਤੇਰਾ ਕਤਲ ਕਰ ਦੇਣਾ ਹੈ।

ਮਧੂ ਬਾਲਾ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਅੱਜ ਸੰਪਰਕ ਨਹੀਂ ਹੋ ਰਿਹਾ ਸੀ। ਬਾਅਦ ‘ਚ ਲੰਡਨ ਤੋਂ ਕਾਲ ਆਈ ਕਿ ਉਸ ਦੀ ਬੇਟੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਸਬੰਧ ‘ਚ ਲੰਡਨ ਪੁਲਿਸ ਨੇ ਇੱਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ 23 ਸਾਲਾ ਜਵਾਈ ਸਾਹਿਲ ਸ਼ਰਮਾ ਨੇ ਇਹ ਕਤਲ ਕੀਤਾ ਹੈ।

ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਬੇਟੀ ਦੀ ਦੇਹ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ। ਦੂਜੇ ਪਾਸੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੇ ਪਰਿਵਾਰਕ ਮੈਂਬਰਾਂ ਨੂੰ ਜੋ ਵੀ ਸੰਭਵ ਮਦਦ ਹੋਵੇਗੀ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।

About The Author

You may have missed