ਟਰੰਪ ਨੂੰ ਵੱਡਾ ਝਟਕਾ, ਅਮਰੀਕੀ ਅਦਾਲਤ ਨੇ ਰਾਸ਼ਟਰਪਤੀ ਅਹੁਦੇ ਲਈ ਦਿੱਤਾ ਅਯੋਗ ਕਰਾਰ
ਅਮਰੀਕਾ , 20 ਦਸੰਬਰ | ਵ੍ਹਾਈਟ ਹਾਊਸ ਦੀ ਦੌੜ ਲਈ ਪ੍ਰਚਾਰ ਕਰ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਕੋਲੋਰਾਡੋ ਸੂਬੇ ਦੀ ਮੁੱਖ ਅਦਾਲਤ ਨੇ ਮੰਗਲਵਾਰ ਨੂੰ ਅਮਰੀਕੀ ਕੈਪੀਟਲ ਹਿੰਸਾ ਮਾਮਲੇ ‘ਚ ਟਰੰਪ ਨੂੰ ਅਮਰੀਕੀ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਅਹੁਦੇ ਲਈ ਅਯੋਗ ਕਰਾਰ ਦਿਤਾ ਹੈ। ਅਦਾਲਤ ਨੇ ਵ੍ਹਾਈਟ ਹਾਊਸ ਦੀ ਦੌੜ ਲਈ ਰਿਪਬਲਿਕਨ ਪਾਰਟੀ ਦੇ ਮੁੱਖ ਦਾਅਵੇਦਾਰ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਸੂਬੇ ਦੀ ਮੁੱਢਲੀ ਵੋਟਿੰਗ ਤੋਂ ਹਟਾ ਦਿਤਾ ਹੈ।
ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਕੀਤੀ ਗਈ ਹੈ। ਕੋਲੋਰਾਡੋ ਹਾਈ ਕੋਰਟ ਨੇ ਆਪਣੇ 4-3 ਬਹੁਮਤ ਵਾਲੇ ਫੈਸਲੇ ਵਿੱਚ ਕਿਹਾ, ਅਦਾਲਤ ਦਾ ਬਹੁਮਤ ਮੰਨਦਾ ਹੈ ਕਿ ਟਰੰਪ 14ਵੀਂ ਸੋਧ ਦੀ ਧਾਰਾ 3 ਦੇ ਤਹਿਤ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਅਯੋਗ ਹਨ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਦੇ ਖਿਲਾਫ ਫੈਸਲਾ ਸੁਣਾਉਣ ਵਾਲੇ ਅਦਾਲਤ ਦੇ ਸਾਰੇ ਜੱਜਾਂ ਦੀ ਨਿਯੁਕਤੀ ਡੈਮੋਕ੍ਰੇਟਿਕ ਪਾਰਟੀ ਦੇ ਗਵਰਨਰ ਨੇ ਕੀਤੀ ਸੀ।
ਕੋਲੋਰਾਡੋ ਰਾਜ ਦੀ ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਜੱਜ ਦੇ ਫੈਸਲੇ ਨੂੰ ਪਲਟਦੇ ਹੋਏ ਇਹ ਹੁਕਮ ਦਿੱਤਾ ਹੈ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਟਰੰਪ ਨੇ 6 ਜਨਵਰੀ, 2021 ਨੂੰ ਕੈਪੀਟਲ (ਅਮਰੀਕੀ ਸੰਸਦ) ‘ਤੇ ਹਮਲੇ ਲਈ ਭੀੜ ਨੂੰ ਹਿੰਸਾ ਲਈ ਉਕਸਾਇਆ ਸੀ ਪਰ ਟਰੰਪ ਨੂੰ ਰਾਸ਼ਟਰਪਤੀ ਦੀ ਚੋਣ ਲੜਨ ਤੋਂ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਸੰਵਿਧਾਨ ਦੀ ਇਹ ਧਾਰਾ ਰਾਸ਼ਟਰਪਤੀ ਦੇ ਅਹੁਦੇ ਨੂੰ ਕਵਰ ਕਰਦੀ ਹੈ ਜਾਂ ਨਹੀਂ। ਹਾਈ ਕੋਰਟ ਨੇ 4 ਜਨਵਰੀ ਤੱਕ ਜਾਂ ਅਮਰੀਕੀ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ‘ਤੇ ਫੈਸਲਾ ਆਉਣ ਤੱਕ ਆਪਣੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ, ਇਸ ਫੈਸਲੇ ਦੇ ਨਾਲ, ਹੁਣ ਅਮਰੀਕਾ ਦੀ ਸੁਪਰੀਮ ਕੋਰਟ ਲਈ ਇਹ ਫੈਸਲਾ ਕਰਨਾ ਚੁਣੌਤੀਪੂਰਨ ਹੋਵੇਗਾ ਕਿ ਕੀ ਟਰੰਪ ਰਿਪਬਲਿਕਨ ਪੱਖ ਤੋਂ ਨਾਮਜ਼ਦਗੀ ਦੀ ਦੌੜ ਵਿੱਚ ਰਹਿ ਸਕਦੇ ਹਨ ਜਾਂ ਨਹੀਂ।
ਸਾਲ 2021 ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੋਣ ਨਤੀਜਿਆਂ ਤੋਂ ਬਾਅਦ, ਟਰੰਪ ਦੇ ਸਮਰਥਕਾਂ ਨੇ 6 ਜਨਵਰੀ, 2021 ਨੂੰ ਯੂਐਸ ਕੈਪੀਟਲ (ਯੂਐਸ ਪਾਰਲੀਮੈਂਟ) ‘ਤੇ ਹਮਲਾ ਕੀਤਾ। ਵੱਡੀ ਗਿਣਤੀ ‘ਚ ਟਰੰਪ ਦੇ ਸਮਰਥਕ ਸੰਸਦ ਭਵਨ ‘ਚ ਦਾਖਲ ਹੋਏ ਸਨ। ਇਸ ਦੌਰਾਨ ਟਰੰਪ ਦੇ ਸਮਰਥਕਾਂ ਨੇ ਹਿੰਸਾ ਅਤੇ ਭੰਨਤੋੜ ਕੀਤੀ, ਜਿਸ ਵਿੱਚ ਪੰਜ ਲੋਕ ਮਾਰੇ ਗਏ। ਬਾਅਦ ‘ਚ ਟਰੰਪ ‘ਤੇ ਆਪਣੇ ਸਮਰਥਕਾਂ ਨੂੰ ਸੰਸਦ ਵੱਲ ਵਧਣ ਅਤੇ ਹਿੰਸਾ ਕਰਨ ਲਈ ਉਕਸਾਉਣ ਦਾ ਦੋਸ਼ ਲੱਗਾ।