ਬ੍ਰਹਮ ਮਹਿੰਦਰਾ, ਪਰਗਟ ਸਿੰਘ ਤੇ ਭਾਰਤੀ ਹਾਕੀ ਟੀਮ ਵੱਲੋਂ ਨਵਦੀਪ ਸਿੰਘ ਗਿੱਲ ਦੀ ਪੁਸਤਕ ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ’ ਰਿਲੀਜ਼

0

ਚੰਡੀਗੜ੍ਹ, 25 ਸਤੰਬਰ 2021 :  ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੀਆਂ ਸੰਖੇਪ ਜੀਵਨੀਆਂ ‘ਤੇ ਆਧਾਰਿਤ ਪੁਸਤਕ ‘ਟੋਕੀਓ ਓਲੰਪਿਕਸ ਦੇ ਸਾਡੇ ਹਾਕੀ ਖਿਡਾਰੀ’ ਅੱਜ ਰਿਲੀਜ਼ ਕੀਤੀ ਗਈ।

ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਓਲੰਪਿਕ ਜੇਤੂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਸਨਮਾਨ ਵਿੱਚ ਰੱਖੇ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ, ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ, ਹਾਕੀ ਪੰਜਾਬ ਦੇ ਸਕੱਤਰ ਪਦਮ ਸ੍ਰੀ ਪਰਗਟ ਸਿੰਘ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਣੇ ਓਲੰਪਿਕ ਤਮਗਾ ਜੇਤੂ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਵੱਲੋਂ ਇਹ ਕਿਤਾਬ ਰਿਲੀਜ਼ ਕੀਤੀ ਗਈ। ਖੇਡ ਲਿਖਾਰੀ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਨਵਦੀਪ ਸਿੰਘ ਗਿੱਲ ਵੱਲੋਂ ਲਿਖੀ ਇਹ ਪੰਜਵੀਂ ਪੁਸਤਕ ਹੈ ਜੋ ਲੋਕਗੀਤ ਪ੍ਰਕਾਸ਼ਨ ਵੱਲੋਂ ਰੰਗਦਾਰ ਤਸਵੀਰਾਂ ਸਮੇਤ ਛਾਪੀ ਗਈ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀਆਂ ਪ੍ਰਾਪਤੀਆਂ ਕਲਮਬੰਦ ਕਰਕੇ ਰਿਕਾਰਡ ਸਾਂਭਣ ਵਧੀਆ ਉਪਰਾਲਾ ਕੀਤਾ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਦਮ ਸ੍ਰੀ ਪਰਗਟ ਸਿੰਘ ਨੇ ਕਿਹਾ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਸਾਹਿਤ ਲਿਖਣਾ ਬਹੁਤ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਜੀਵਨੀ ਬਾਰੇ ਲਿਖੀ ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਅਤੇ ਖੇਡਾਂ ਵਿੱਚ ਪੰਜਾਬੀਆਂ ਦਾ ਖਾਸ ਯੋਗਦਾਨ ਹੈ ਜਿਸ ਬਦੌਲਤ ਦੁਨੀਆਂ ਵਿੱਚ ਸੂਬੇ ਦਾ ਨਾਮ ਰੌਸ਼ਨ ਹੋਇਆ ਹੈ।

ਟੋਕੀਓ ਵਿਖੇ ਭਾਰਤੀ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ 41 ਸਾਲ ਬਾਅਦ ਤਮਗਾ ਜਿੱਤਿਆ ਹੈ। ਇਸ ਪੁਸਤਕ ਵਿੱਚ ਹਾਕੀ ਟੀਮ ਦੇ ਸਮੂਹ 19 ਖਿਡਾਰੀਆਂ ਅਤੇ ਕੋਚ ਗ੍ਰਾਹਮ ਰੀਡ ਦੀ ਸੰਖੇਪ ਜੀਵਨੀ ਲਿਖੀ ਗਈ ਹੈ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦਾ ਇਤਿਹਾਸ ਅਤੇ ਟੋਕੀਓ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਬਾਰੇ ਸਾਰੀ ਜਾਣਕਾਰੀ ਪੁਸਤਕ ਵਿੱਚ ਮਿਲਦੀ ਹੈ।

ਪੰਜਾਬ ਸਰਕਾਰ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਨਵਦੀਪ ਸਿੰਘ ਗਿੱਲ ਪਿਛਲੇ 20 ਸਾਲ ਤੋਂ ਨਿਰੰਤਰ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖ ਰਹੇ ਹਨ। ਲੇਖਕ ਨੇ ਇਸ ਤੋਂ ਪਹਿਲਾਂ ਚਾਰ ਪੁਸਤਕਾਂ ਲਿਖੀਆਂ ਹਨ ਜਿਨ੍ਹਾਂ ਦੇ ਨਾਮ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’, ‘ਮੈਂ ਇਵੇਂ ਵੇਖੀਆ ਏਸ਼ਿਆਈ ਖੇਡਾਂ’, ‘ਅੱਖੀ ਵੇਖੀਆਂ ਓਲੰਪਿਕ ਖੇਡਾਂ’ ਤੇ ‘ਨੌਲੱਖਾ ਬਾਗ਼’ ਹਨ।

ਰਿਲੀਜ਼ ਕਰਨ ਵਾਲਿਆਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੋਂ ਇਲਾਵਾ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ ਵੀ ਸ਼ਾਮਲ ਸਨ।

ਇਸ ਮੌਕੇ ਹਾਕੀ ਓਲੰਪੀਅਨ ਦਵਿੰਦਰ ਸਿੰਘ ਗਰਚਾ, ਬਲਜੀਤ ਸਿੰਘ ਢਿੱਲੋਂ, ਹਰਦੀਪ ਸਿੰਘ ਗਰੇਵਾਲ ਤੇ ਤੇਜਬੀਰ ਸਿੰਘ ਅਤੇ ਦਰੋਣਾਚਾਰੀਆ ਐਵਾਰਡੀ ਹਾਕੀ ਕੋਚ ਬਲਦੇਵ ਸਿੰਘ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed