ਅਰਨੀਵਾਲਾ ਅਤੇ ਜਲਾਲਾਬਾਦ ਬਲਾਕਾਂ ਦੇ ਲੋਕਾਂ ਨੂੰ ਮਿਲੇਗਾ ਸਾਫ ਪਾਣੀ : ਡਿਪਟੀ ਕਮਿਸ਼ਨਰ

0

ਫਾਜ਼ਿਲਕਾ 24 ਸਤੰਬਰ 2021 : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਦੇ ਲੋਕਾਂ ਦਾ ਸਾਫ ਅਤੇ ਸ਼ੁੱਧ ਪੀਣ ਵਾਲੇ ਪਾਣੀ ਦਾ ਸੁਪਨਾ ਜਲਦ ਸਾਕਾਰ ਹੋਵੇਗਾ, ਕਿਉਂਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪਿੰਡ ਘੱਟਿਆਂ ਵਾਲੀ ਬੋਦਲਾ ਵਿਖੇ ਇੱਕ ਨਹਿਰੀ ਪਾਣੀ ਤੇ ਅਧਾਰਿਤ ਵੱਡਾ ਵਾਟਰ ਵਰਕਸ ਬਣਾਇਆ ਜਾਵੇਗਾ ਜਿਥੋਂ ਫਾਜ਼ਿਲਕਾ, ਅਰਨੀਵਾਲਾ ਅਤੇ ਜਲਾਲਾਬਾਦ ਬਲਾਕਾਂ ਦੇ 205 ਪਿੰਡਾਂ ਨੂੰ ਪੀਣ ਦੇ ਸਾਫ ਪਾਣੀ ਦੀ ਸਪਲਾਈ ਕੀਤੀ ਜਾਵੇਗੀ।ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ `ਤੇ 419.96 ਕਰੋੜ ਦੀ ਲਾਗਤ ਆਵੇਗੀ ਅਤੇ 30 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਏਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਪੱਤਰੇਵਾਲਾ ਵਿਖੇ ਵੀ ਅਜਿਹਾ ਹੀ ਇੱਕ ਪ੍ਰਾਜੈਕਟ ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤਾ ਗਿਆ ਹੈ ਜਿਸ ਤੋਂ 118 ਪਿੰਡਾਂ ਅਤੇ 15 ਟਾਣੀਆਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਿਪਲਾਈ ਹੋਵੇਗੀ।

ਜਲ ਸਿਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਚਮਕ ਸਿੰਗਲਾ ਨੇ ਇਸ ਪ੍ਰਾਜੈਕਟ ਦੀਆਂ ਵਿਸ਼ੇਸ਼ਤਾਵਾਂ ਦੱਸਦਿਆਂ ਦੱਸਿਆ ਕਿ ਇਹ ਪੂਰਾ ਪ੍ਰਾਜੈਕਟ ਸਕਾਡਾ ਸਿਸਟਮ ਰਾਹੀਂ ਮੋਨੀਟਰ ਕੀਤਾ ਜਾਵੇਗਾ, ਜਿਸ ਰਾਹੀਂ ਪੂਰੇ ਪ੍ਰਾਜੈਕਟ ਤਹਿਤ ਕਿਤੇ ਵੀ ਜੇਕਰ ਪਾਣੀ ਦੀ ਲੀਕੇਜ਼ ਹੋਵੇਗੀ ਤਾਂ ਆਨਲਾਈਨ ਇਸ ਦੀ ਜਾਣਕਾਰੀ ਮਿਲ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 205 ਪਿੰਡਾਂ ਦੇ 42,406 ਘਰਾਂ ਵਿੱਚ ਰਹਿੰਦੀ 2,35,114 ਦੀ ਅਬਾਦੀ ਨੂੰ ਪੀਣ ਦਾ ਪਾਣੀ ਪੁੱਜਦਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਨਹਿਰੀ ਪਾਣੀ ਗੰਗ ਕੈਨਾਲ ਤੋਂ ਲਿਆ ਜਾਵੇਗਾ ਜਿਸ ਸਬੰਧੀ ਰਾਜਸਥਾਨ ਸਰਕਾਰ ਦੀ ਸਹਿਮਤੀ ਪ੍ਰਾਪਤ ਕਰ ਲਈ ਗਈ ਹੈ ਅਤੇ ਏਥੇ 34 ਐਮ.ਐਲ.ਡੀ. ਦੇ ਵਾਟਰ ਟਰੀਟਮੈਂਟ ਪਲਾਂਟ ਰਾਹੀਂ ਪਾਣੀ ਸਾਫ ਕਰਕੇ ਅੱਗੇ ਪਿੰਡਾਂ ਨੂੰ ਭੇਜਿਆ ਜਾਵੇਗਾ। ਇਹ ਵਾਟਰ ਵਰਕਸ਼ 107 ਲੀਟਰ ਪਾਣੀ ਪ੍ਰਤੀ ਵਿਅਕਤੀ ਪ੍ਰਤੀ ਦਿਨ ਪਾਣੀ ਦੀ ਸਮੱਰਥਾ ਅਨੁਸਾਰ ਤਿਆਰ ਕਰਵਾਇਆ ਜਾ ਰਿਹਾ ਹੈ।ਇਥੇ ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਜ਼ਿਆਦਾਤਰ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਪੀਣ ਵਜੋਂ ਕੀਤੀ ਜਾਂਦੀ ਸੀ ਜਿਸ ਵਿੱਚ ਸਿਹਤ ਲਈ ਹਾਨੀਕਾਰਨ ਤੱਤਾਂ ਦੀ ਮਿਕਦਾਰ ਜ਼ਿਆਦਾ ਹੋਣ ਕਾਰਨ ਇਹ ਪਾਣੀ ਪੀਣ ਲਈ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਜਦਕਿ ਨਵੇਂ ਪ੍ਰਾਜੈਕਟ ਰਾਹੀਂ ਨਹਿਰੀ ਪਾਣੀ ਨੂੰ ਸਾਫ ਕਰਕੇ ਇਨ੍ਹਾਂ ਪਿੰਡਾਂ ਵਿੱਚ ਸਿਪਲਾਈ ਕੀਤਾ ਜਾਵੇਗਾ।

About The Author

Leave a Reply

Your email address will not be published. Required fields are marked *

error: Content is protected !!