ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਹਰਦਿਆਲ ਸਿੰਘ ਚੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲ ਪਰਾਲੀ ਨੂੰ ਅੱਗ ਨਾ ਲਾਉਣ

0

ਫ਼ਤਹਿਗੜ੍ਹ ਸਾਹਿਬ, 15 ਸਤੰਬਰ 2021 : ਜ਼ਿਲ੍ਹੇ ਵਿੱਚ ਜ਼ੀਰੋ ਬਰਨਿੰਗ ਦੇ ਟੀਚੇ ਨੂੰ ਲੈ ਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਤੌਰ ਨੋਡਲ ਵਿਭਾਗ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਸਕੀਮ ਅਧੀਨ ਪਿਛਲੇ 03 ਸਾਲਾਂ ਦੌਰਾਨ ਵੱਖ-ਵੱਖ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਸੀਡਰ, ਸੁਪਰ ਐਸ.ਐਮ.ਐਸ, ਪੈਡੀ ਚੌਪਰ-ਕਮ-ਸਪਰੈਡਰ, ਮਲਚਰ, ਹੈਪੀ ਸੀਡਰ, ਪਲਟਾਵਾਂ ਹਲ, ਜੀਰੋ ਟਿੱਲ ਡਰਿੱਲ ਆਦਿ ਤੇ ਵਿਅਕਤੀਗਤ ਕਿਸਾਨਾਂ  ਨੂੰ  50 ਫੀਸਦ ਅਤੇ ਕਿਸਾਨ ਗਰੁੱਪਾਂ ਨੂੰ 80 ਫੀਸਦ ਸਬਸਿਡੀ ਦਿੱਤੀ ਗਈ ਹੈ। ਵਿਅਕਤੀਗਤ ਕਿਸਾਨਾਂ ਨੂੰ 07 ਕਰੋੜ 21 ਲੱਖ  96 ਹਜ਼ਾਰ 984 ਰੁਪਏ ਅਤੇ ਕਿਸਾਨ ਗਰੁੱਪਾਂ ਨੂੰ 05 ਕਰੋੜ 41 ਲੱਖ  50 ਹਜ਼ਾਰ 106  ਰੁਪਏ ਦੀ ਸਬਸਿਡੀ  ਜਾਰੀ  ਕੀਤੀ  ਜਾ  ਚੁੱਕੀ ਹੈ। ਕਿਸਾਨਾਂ  ਅਤੇ  ਕਿਸਾਨ  ਗਰੁੱਪਾਂ ਨੂੰ ਕੁੱਲ 12 ਕਰੋੜ 63 ਲੱਖ 47 ਹਜ਼ਾਰ  090  ਰੁਪਏ  ਦੀ  ਸਬਸਿਡੀ  ਸਿੱਧੀ  ਉਨ੍ਹਾਂ  ਦੇ ਖਾਤਿਆਂ  ਵਿੱਚ ਟਰਾਂਸਫਰ ਕੀਤੀ ਗਈ ਹੈ।

ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਹਰਦਿਆਲ ਸਿੰਘ ਚੱਠਾ ਨੇ ਖੇਤੀਬਾੜੀ  ਵਿਭਾਗ ਵੱਲੋਂ ਸਮੈਮ  ਸਕੀਮ  ਅਧੀਨ 48 ਪੈਡੀਟਰਾਂਸ ਪਲਾਂਟਰ ਮਸ਼ੀਨਾਂ ਅਤੇ 68 ਝੋਨੇ ਦੀ ਸਿੱਧੀ ਬਿਜਾਈ ਦੀਆਂ ਮਸ਼ੀਨਾਂ ਉਤੇ ਲਗਭਗ 01 ਕਰੋੜ 25 ਲੱਖ ਰੁਪਏ ਦੀ ਬਣਦੀ ਸਬਸਿਡੀ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲ ਪਰਾਲੀ ਨੂੰ ਅੱਗ ਨਾ ਲਾਉਣ ਤਾਂ ਜੋ ਵਾਤਾਵਰਨ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰ ਕੇ ਪਰਲੀ ਦੀ ਸੁਚੱਜੀ ਸੰਭਾਲ ਦੀ ਅਪੀਲ ਵੀ ਕੀਤੀ।

ਸ. ਚੱਠਾ ਨੇ ਦੱਸਿਆ ਆਤਮਾ  ਸਕੀਮ ਅਧੀਨ ਸਾਲ 2020-21 ਤੋਂ ਹੁਣ ਤੱਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਕੁੱਲ 222 ਅਤੇ ਨਰਮੇ ਦੀ ਕਾਸ਼ਤ ਦੇ 32 ਪ੍ਰਦਰਸ਼ਨੀ ਪਲਾਟ ਬਿਜਵਾਏ ਗਏ। ਆਤਮਾ ਸਕੀਮ ਅਧੀਨ ਕੁੱਲ 254 ਪ੍ਰਦਰਸ਼ਨੀ ਪਲਾਟ ਬਿਜਵਾਏ ਅਤੇ 254 ਕਿਸਾਨਾਂ ਦੇ ਖਾਤਿਆਂ ਵਿੱਚ 4,90,400 ਰੁਪਏ ਟਰਾਂਸਫਰ ਕੀਤੇ ਗਏ। ਇਸ ਤੋਂ ਇਲਾਵਾ 159 ਕਿਸਾਨ ਮਿੱਤਰਾਂ ਦੇ ਖਾਤਿਆਂ ਵਿੱਚ 9,54,000 ਰੁਪਏ ਟਰਾਂਸਫਰ ਕੀਤੇ ਗਏ। ਸਾਲ 2020-21 ਦੌਰਾਨ 107 ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਉਤੇ ਆਤਮਾ ਸਕੀਮ ਅਧੀਨ ਟ੍ਰੇਨਿੰਗ ਦਿੱਤੀ ਗਈ।

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਉੱਪਲੱਬਧ ਕਰਾਉਣ ਦੇ ਮੰਤਵ ਨਾਲ ਖੇਤੀਬਾੜੀ ਇਨਪੁੱਟਸ ਡੀਲਰਾਂ ਦੀਆਂ ਦੁਕਾਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਅਤੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਵੀ ਭਰੇ ਜਾਂਦੇ ਹਨ। ਕਿਸਾਨਾਂ ਨੂੰ ਗੈਰਸਿਫਾਰਿਸ਼ ਅਤੇ ਬੇਲੋੜੀਆਂ ਖਾਦਾਂ, ਕੀਟਨਾਸ਼ਕ ਦਵਾਈਆਂ ਅਤੇ ਬੀਜ ਨਾ ਵੇਚਣ ਸਬੰਧੀ ਖੇਤੀਬਾੜੀ ਇਨਪੁੱਟਸ ਡੀਲਰਾਂ ਦੀਆਂ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਹਨ । ਜਿਸ ਦਾ ਮੁੱਖ ਮੰਤਵ ਇਨਸੈਕਟੀਸਾਈਡ ਐਕਟ, ਖਾਦ ਕੰਟਰੋਲ ਆਡਰ 1985, ਬੀਜ ਕੰਟਰੋਲ ਆਡਰ 1983 ਸਬੰਧੀ ਜਾਣਕਾਰੀ ਦੇਣਾ, ਕਿਸਾਨਾਂ ਨੂੰ ਗੈਰਸਿਫਾਰਿਸ਼ ਅਤੇ ਬੇਲੋੜੀਆਂ ਖਾਦ, ਬੀਜ ਅਤੇ ਦਵਾਈਆਂ ਨਾ ਵੇਚਣਾ, ਮਿਆਰੀ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਉੱਪਲੱਬਧ ਕਰਵਾਉਣੀਆਂ, ਕਿਸਾਨਾਂ ਨੂੰ ਪੱਕਾ ਬਿੱਲ ਦੇਣਾ ਅਤੇ ਬਿੱਲ ਉੱਪਰਲਾ ਨੰਬਰ ਜ਼ਰੂਰ ਲਿਖਣ ਸਬੰਧੀ ਹਦਾਇਤ ਕੀਤੀ ਜਾਂਦੀ ਹੈ। ਸਾਲ 2020-21 ਤੋਂ ਹੁਣ ਤੱਕ ਖਾਦ-98,  ਕੀਟਨਾਸ਼ਕ ਦਵਾਈਆਂ-88,  ਜਿਪਸਮ-17,  ਬੀਜ ਐਕਟ-95 ਅਤੇ ਸਰਵਿਸ ਦੇ 45 ਸੈਂਪਲ ਭਰੇ ਗਏ ਤਾਂ ਜੋ ਵਧੀਆ ਕੁਆਲਟੀ ਦੇ ਇਨਪੁੱਟਸ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਸਕਣ।

About The Author

Leave a Reply

Your email address will not be published. Required fields are marked *

error: Content is protected !!