ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਵੱਲੋਂ ਡੇਂਗੂ ਰੋਕਥਾਮ ਲਈ ਮੀਟਿੰਗ

– ਰੋਜ਼ਾਨਾ ਫੋਗਿੰਗ ਯਕੀਨੀ ਬਨਾਉਣ ਦੀ ਕੀਤੀ ਹਦਾਇਤ
(Rajinder Kumar) ਪਟਿਆਲਾ, 3 ਜੁਲਾਈ 2025: ਡੇਂਗੂ ਕੇਸਾਂ ਦੀ ਸਥਿਤੀ ਬਾਰੇ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਿੰਦਰ ਸਿੰਘ ਟਿਵਾਣਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਲਈ ਗਈ ਜਿਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਉਹਨਾਂ ਡੇਂਗੂ ‘ ਤੇ ਕਾਬੂ ਪਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਸੁਚੇਤ ਕਰਨ ਲਈ ਜਾਗਰੁਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਡੇਂਗੂ ‘ ਤੇ ਕਾਬੂ ਪਾਇਆ ਜਾ ਸਕੇ।ਉਹਨਾਂ ਕਿਹਾ ਕਿ ਜੇਕਰ ਸਾਰੇ ਲੋਕ ਆਪਣੀ ਜੁੰਮੇਵਾਰੀ ਸਮਝਦੇ ਹੋਏ ਡੇਂਗੂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਪਨਾਉਣ ਤਾਂ ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਨਾਲ ਪਿਛਲੇ ਸਾਲਾਂ ਵਿੱਚ ਪ੍ਰਭਾਵਿਤ ਖੇਤਰਾਂ ਨੂੰ ਹਾਈ ਰਿਸਕ ਖੇਤਰ ਦੀ ਸ਼੍ਰੇਣੀ ਵਿੱਚ ਪਾ ਕੇ ਉਹਨਾਂ ਵੱਲ ਵਧ ਧਿਆਨ ਦਿੱਤਾ ਜਾਵੇ। ਉਹਨਾਂ ਸਮੂਹ ਬੀ.ਡੀ.ਪੀ.ਓਜ਼ ਨੂੰ ਡੇਂਗੂ ਸਬੰਧੀ ਤਿਆਰੀਆਂ ਦੀ ਰਿਪੋਰਟ ਦੇਣ ਲਈ ਕਿਹਾ ਜਿਸ ਵਿੱਚ ਰੋਜ਼ਾਨਾ ਫੋਗਿੰਗ ਲਈ ਦਵਾਈ ਅਤੇ ਡੀਜ਼ਲ ਦੀ ਖਰੀਦ ਸਬੰਧੀ ਜਾਣਕਾਰੀ ਮੰਗੀ ਅਤੇ ਨਾਲ ਹੀ ਫੋਗਿੰਗ ਮਸ਼ੀਨਾਂ ਦੀ ਰਿਪੇਅਰ ਕਰਵਾਉਣ ਲਈ ਵੀ ਕਿਹਾ। ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਮਾਂ ਬਣਾ ਕੇ ਘਰਾਂ ਵਿੱਚ ਜਾ ਕੇ ਲਾਰਵਾ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਅਮਨ ਬਾਗ, ਸਰਹਿੰਦ ਰੋਡ, ਕਾਕਾ ਕਲੋਨੀ, ਨਿਊ ਯਾਦਵਿੰਦਰਾ ਕਲੋਨੀ, ਅਨਾਜ ਮੰਡੀ ਅਤੇ ਮਿਰਚ ਮੰਡੀ ਰਾਜਪੁਰਾ ਵੱਲ ਵਿਸ਼ੇਸ ਧਿਆਨਾ ਦੇ ਕੇ ਲੋਕਾਂ ਨੂੰ ਜਾਗਰੁਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ।
ਇਸ ਮੌਕੇ ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ, ਐਪੀਡੋਮੋਲੀਜ਼ਿਸਟ ਡਾ: ਸੁਮਿਤ ਸਿੰਘ ਤੋਂ ਇਲਾਵਾ ਸਮੂਹ ਬੀ.ਡੀ.ਪੀ.ਓਜ਼ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।