ਤਰਨ ਤਾਰਨ ਜ਼ਿਲ੍ਹੇ ਚ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਡਿੰਪਾ
ਤਰਨਤਾਰਨ 29 ਅਗਸਤ 2021 : ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ. ਜਸਬੀਰ ਸਿੰਘ ਡਿੰਪਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਡੀ ਏ ਪੀ ਅਤੇ ਯੂਰੀਆ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਵਿੱਚ ਹੋ ਰਹੀ ਖਾਦ ਦੀ ਕਮੀ ਦੀ ਚਰਚਾ ਨੂੰ ਸੁਣ ਕੇ ਮੈਂ ਕੇਂਦਰੀ ਖਾਦ ਵਿਭਾਗ ਦੇ ਡਾਇਰੈਕਟਰ ਸ੍ਰੀ ਜਤਿਨ ਚੋਪੜਾ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਤਰਨ ਤਾਰਨ ਅਤੇ ਕਪੂਰਥਲਾ ਜ਼ਿਲ੍ਹੇ ਲਈ 2-2 ਰੈਕ ਯੂਰੀਆ ਅਤੇ 1-1 ਰੈਕ ਡੀ. ਏ. ਪੀ. ਖਾਦ ਦਾ ਤੁਰੰਤ ਭੇਜਣ ਦੀ ਹਦਾਇਤ ਕਰ ਦਿੱਤੀ ਜੋ ਕਿ ਅਗਲੇ 2 ਦਿਨਾਂ ਵਿੱਚ ਰਵਾਨਾ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਅਨੁਸਾਰ ਖਾਦ ਖਰੀਦਣ ਅਤੇ ਸਟਾਕ ਜਮ੍ਹਾ ਨਾ ਕਰਨ, ਖਾਦ ਨਿਰੰਤਰ ਮਿਲਦੀ ਰਹੇਗੀ ।
ਸ. ਡਿੰਪਾ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਖਾਦ ਡੀਲਰਾਂ ਅਤੇ ਦੁਕਾਨਦਾਰਾਂ ਉਤੇ ਵੀ ਬਰਾਬਰ ਨਿਗ੍ਹਾ ਰੱਖਣ ਤਾਂ ਜੋ ਉਹ ਕਿਸਾਨਾਂ ਦੀ ਖਾਦ ਰੋਕ ਕੇ ਬਲੈਕ ਨਾ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।