31 ਮਈ ਨੂੰ ਜ਼ਿਲ੍ਹੇ ’ਚ ਹੋਵੇਗੀ ਮੌਕ ਡਰਿੱਲ – ਆਸ਼ਿਕਾ ਜੈਨ

0

– ਸ਼ਾਮ 7:58 ‘ਤੇ ਵੱਜੇਗਾ ਸਾਇਰਨ, 8 ਵਜੇ ਤੋਂ 8:15 ਵਜੇ ਤੱਕ 15 ਮਿੰਟ ਦਾ ਹੋਵੇਗਾ ਬਲੈਕ ਆਊਟ

– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਹਿਯੋਗ ਦੀ ਕੀਤੀ ਅਪੀਲ

(Rajinder Kumar) ਹੁਸ਼ਿਆਰਪੁਰ, 30 ਮਈ 2025: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 31 ਮਈ ਨੂੰ ਸ਼ਾਮ 8 ਵਜੇ ਤੋਂ 8:15 ਵਜੇ ਤੱਕ ਜ਼ਿਲ੍ਹੇ ਭਰ ਵਿਚ ਬਲੈਕ ਆਊਟ ਦੀ ਮੋਕ ਡਰਿੱਲ ਕਰਵਾਈ ਜਾਵੇਗੀ। ਇਸ ਸਬੰਧ ਵਿਚ ਅੱਜ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਮੋਕ ਡਰਿੱਲ ਇਕ ਰੂਟੀਨ ਅਭਿਆਸ ਹੈ, ਜਿਸ ਦਾ ਉਦੇਸ਼ ਨਾਗਰਿਕ ਸੁਰੱਖਿਆ (ਸਿਵਲ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਚਣਾ ਅਤੇ ਮਜ਼ਬੂਤ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਸ਼ਾਮ 7:58 ਵਜੇ ਪੂਰੇ ਜ਼ਿਲ੍ਹੇ ਵਿਚ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਮੌਕ ਡਰਿੱਲ ਸ਼ੁਰੂ ਹੋਣ ਦਾ ਸੰਕੇਤ ਮਿਲੇਗਾ। ਇਸ ਉਪਰੰਤ ਸ਼ਾਮ 8 ਵਜੇ ਤੋਂ ਲੈ ਕੇ 8:15 ਵਜੇ ਤੱਕ ਪੂਰਨ ਬਲੈਕਆਉਟ ਰਹੇਗਾ। ਇਸ ਦੌਰਾਨ ਪੂਰੇ ਸ਼ਹਿਰ ਦੀ ਬਿਜਲੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਦਿਨ ਵੇਲੇ ਦਸੂਹਾ ਵਿਚ ਸੰਕਟਕਾਲੀਨ ਸਥਿਤੀ ਸਬੰਧੀ ਅਭਿਆਸ ਵੀ ਕੀਤਾ ਜਾਵੇਗਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮਹਿਜ਼ ਇਕ ਪੂਰਵ ਨਿਯੋਜਿਤ ਅਭਿਆਸ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਉਣ ਅਤੇ ਨਾ ਹੀ ਘਬਰਾਉਣ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਮੌਕ ਡਰਿੱਲ ਵਿਚ ਸਹਿਯੋਗ ਕਰਦੇ ਹੋਏ ਸ਼ਾਂਤੀਪੂਰਨ ਢੰਗ ਨਾਲ ਹਿੱਸਾ ਲੈਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਘਰਾਂ ਦੇ ਇਨਵਰਟਰ ਤੇ ਜਨਰੇਟਰ ਬੰਦ ਰੱਖਣ। ਜੇਕਰ ਕਿਸੇ ਜ਼ਰੂਰੀ ਕਾਰਨ ਕਰਕੇ ਇਨ੍ਹਾਂ ਨੂੰ ਚਾਲੂ ਰੱਖਣਾ ਪਵੇ, ਤਾਂ ਯਕੀਨੀ ਬਣਾਉਣ ਕਿ ਲਾਈਟ ਦੀ ਰੋਸ਼ਨੀ ਖਿੜਕੀ ਜਾਂ ਦਰਵਾਜ਼ੇ ਤੋਂ ਬਾਹਰ ਨਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੋਲਰ ਲਾਈਟਾਂ, ਸੀ.ਸੀ.ਟੀ.ਵੀ ਦੀਆਂ ਲਾਈਟਾਂ ਅਤੇ ਕਮਰਸ਼ੀਅਲ ਸਾਈਨ ਬੋਰਡਾਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ।

ਉਨ੍ਹਾਂ ਵਪਾਰ ਮੰਡਲ, ਦੁਕਾਨਦਾਰਾਂ, ਬੈਂਕਾਂ, ਏ.ਟੀ.ਐਮ ਕੇਂਦਰਾਂ ਅਤੇ ਮੋਬਾਇਲ ਟਾਵਰ ਓਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਸਾਰੇ ਬਾਹਰੀ ਅਤੇ ਆਟੋਮੈਟਿਕ ਲਾਈਟਿੰਗ ਸਿਸਟਮ ਬੰਦ ਰੱਖਣ ਤਾਂ ਜੋ ਪੂਰਨ ਹਨੇਰਾ ਯਕੀਨੀ ਬਣਾਇਆ ਜਾ ਸਕੇ। ਸਿਵਲ ਡਿਫੈਂਸ ਦੇ ਨਾਲ-ਨਾਲ ਜ਼ਿਲ੍ਹੇ ਦੇ ਸਮਾਜਿਕ ਸੰਗਠਨ, ਸਵੈ-ਸੇਵੀ ਸੰਸਥਾਵਾਂ ਜਿਨ੍ਹਾਂ ਨੇ ਪਹਿਲਾਂ ਵੀ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਹੈ, ਉਨ੍ਹਾਂ ਨੂੰ ਇਸ ਵਾਰ ਵੀ ਮੋਹਰੀ ਹਿੱਸੇਦਾਰੀ ਦੀ ਅਪੀਲ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਕ ਡਰਿੱਲ ਦੌਰਾਨ ਸਾਰੇ ਸਬੰਧਤ ਵਿਭਾਗਾਂ ਨੂੰ ਮੁਸਤੈਦ ਰਹਿਣਾ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰਸਥਿਤੀ ਨਾਲ ਨਿਪਟਣ ਲਈ ਤਤਪਰ ਯਕੀਨੀ ਬਣਾਇਆ ਜਾ ਸਕੇ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਐਸ.ਡੀ.ਐਮ. ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਆਰ.ਟੀ.ਓ ਸੰਜੀਵ ਕੁਮਾਰ, ਡੀ.ਐਸ.ਪੀ ਮਨਪ੍ਰੀਤ ਸ਼ੀਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

About The Author

Leave a Reply

Your email address will not be published. Required fields are marked *