ਨਸ਼ਾ ਮੁਕਤੀ ਯਾਤਰਾ ਸਦਕਾ ਸੂਬੇ ‘ਚੋਂ ਜਲਦ ਹੋਵੇਗਾ ਨਸ਼ਿਆਂ ਦਾ ਸਫਾਇਆ : ਅਜੀਤਪਾਲ ਸਿੰਘ ਕੋਹਲੀ

– ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਮੌਜੂਦਗੀ ‘ਚ ਵਾਰਡ 36, 53 ਤੇ 33 ਦੇ ਵਸਨੀਕਾਂ ਨੇ ਨਸ਼ਿਆਂ ਦੇ ਖਾਤਮੇ ਦਾ ਲਿਆ ਅਹਿਦ
– ਨੌਜਵਾਨ ਨਸ਼ਿਆਂ ਦੇ ਖਾਤਮੇ ਲਈ ਮੋਹਰੀ ਭੂਮਿਕਾ ਨਿਭਾਉਣ : ਅਜੀਤਪਾਲ ਸਿੰਘ ਕੋਹਲੀ
(Rajinder Kumar) ਪਟਿਆਲਾ, 29 ਮਈ 2025: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਉੱਪਰ ਹੋਈਆਂ ਮਿਸਾਲੀ ਕਾਰਵਾਈਆਂ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਦਿੱਤਾ ਹੈ ਅਤੇ ਨਸ਼ਾ ਤਸਕਰ ਨੂੰ ਜੇਲ੍ਹਾਂ ‘ਚ ਪਹੁੰਚਾ ਦਿੱਤਾ ਹੈ। ਵਿਧਾਇਕ ਕੋਹਲੀ ਅੱਜ ਨਸ਼ਾ ਮੁਕਤੀ ਯਾਤਰਾ ਤਹਿਤ ਵਾਰਡ ਨੰਬਰ 36, 53 ਤੇ 33 ਦੇ ਵਸਨੀਕਾਂ ਨੂੰ ਨਸ਼ਿਆਂ ਦੇ ਖਾਤਮੇ ਦੀ ਇਸ ਲੜਾਈ ‘ਚ ਲਾਮਬੰਦ ਕਰਨ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ, ਹਰਮਨ ਸੰਧੂ ਤੇ ਗੀਤਾ ਦੇਵੀ ਵੀ ਮੌਜੂਦ ਸਨ।
ਵਾਰਡ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਇੱਕਜੁਟ ਹੋਣ ਦਾ ਹਲਫ਼ ਦਿਵਾਉਂਦਿਆਂ ਹਲਕਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਲੋਕ ਲਹਿਰ ਬਣ ਗਈ ਹੈ ਅਤੇ ਹੁਣ ਜਲਦੀ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਸਫਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ ਤੇ ਹੁਣ ਪਿੰਡਾਂ ਤੇ ਵਾਰਡਾਂ ਦੇ ਮੋਹਤਬਰ ਵਿਅਕਤੀ ਅਜਿਹੇ ਤਸਕਰਾਂ ਦੀ ਜ਼ਮਾਨਤ ਵੀ ਨਹੀਂ ਕਰਵਾਉਂਦੇ, ਜਿਸ ਸਦਕਾ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਆਪਣਾ ਕਾਰੋਬਾਰ ਬੰਦ ਕਰਕੇ ਸੂਬਾ ਛੱਡਕੇ ਜਾਣ ਲੱਗੇ ਹਨ।


