ਡਿਪਟੀ ਕਮਿਸ਼ਨਰ ਨੇ ਬੈਂਬੂ ਸਕੂਲ ਦੇ ਵਿਦਿਆਰਥੀਆਂ ਨਾਲ ਮਨਾਇਆ ਨਵਾਂ ਸਾਲ

0
– ਭੱਠਿਆਂ ‘ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਡਾ. ਪ੍ਰੀਤੀ ਯਾਦਵ
– ਕਿਹਾ, ਬੈਂਬੂ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਉਣ ਲਈ ਵੀ ਹੋਣਗੇ ਯਤਨ
ਪਟਿਆਲਾ, 1 ਜਨਵਰੀ 2025: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪਿੰਡ ਖੇੜੀ ਗੌੜੀਆਂ ਦੇ ਆਰ.ਐਨ.ਬੀ. ਭੱਠੇ ‘ਤੇ ਸਥਾਪਤ ਕੀਤੇ ਗਏ ਬੈਂਬੂ ਸਕੂਲ ਦੇ ਵਿਦਿਆਰਥੀਆਂ ਨਾਲ ਨਵੇਂ ਸਾਲ 2024 ਦੀ ਆਮਦ ਮੌਕੇ ਖੁਸ਼ੀ ਸਾਂਝੀ ਕੀਤੀ। 60 ਦੇ ਕਰੀਬ ਇਨ੍ਹਾਂ ਬਾਲਾਂ ਨੂੰ ਮਠਿਆਈ, ਪੜ੍ਹਨ ਸਮੱਗਰੀ, ਕੰਬਲ ਅਤੇ ਹੋਰ ਵਸਤੂਆਂ ਵੰਡਕੇ ਨਵਾਂ ਸਾਲ ਮਨਾਉਂਦਿਆਂ ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਵੀ ਉਚੇਚੇ ਯਤਨ ਕਰਨ ‘ਤੇ ਜ਼ੋਰ ਦਿੱਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੱਠਿਆਂ ‘ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਆਮ ਸਕੂਲਾਂ ਵਿੱਚ ਰਸਮੀ ਸਿੱਖਿਆ ਲੈਣ ਦੇ ਕਾਬਲ ਬਣਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਜਿੰਦਗੀ ਜਿਉਣ ਦਾ ਚੱਜ-ਆਚਾਰ ਸਿਖਾਉਣ ਲਈ ਦੋ ਬੈਂਬੂ ਸਕੂਲ ਖੋਲ੍ਹੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਉਣ ਲਈ ਪ੍ਰਬੰਧ ਕਰਨ ਸਮੇਤ ਇਨ੍ਹਾਂ ਦਾ ਸਿਹਤ ਸਰਵੇ, ਟੀਕਾਕਰਨ, ਮਿਡ ਡੇਅ ਮੀਲ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇੱਥੇ ਪੜ੍ਹ ਰਹੇ ਬੱਚਿਆਂ ਵਿੱਚ ਕਾਫ਼ੀ ਉਸਾਰੂ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ, ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਦੀ ਅਗਲੇਰੀ ਰਸਮੀ ਸਕੂਲ ਸਿੱਖਿਆ ਲਈ ਇੱਥੇ ਹੋਰ ਵੀ ਲੋੜੀਂਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇ। ਇਸ ਤੋਂ ਇਲਾਵਾ ਇਨ੍ਹਾਂ ਦੇ ਮਾਪਿਆਂ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਇਹ ਬੱਚੇ ਬਾਲ ਮਜ਼ਦੂਰੀ ਵੱਲ ਨਾ ਧੱਕੇ ਜਾਣ ਅਤੇ ਇਨ੍ਹਾਂ ਦਾ ਜੀਵਨ ਪੱਧਰ ਹੋਰ ਉਚਾ ਉਠ ਸਕੇ।
ਇਸ ਦੌਰਾਨ ਬਲਾਕ ਸਿੱਖਿਆ ਅਫ਼ਸਰ ਪਟਿਆਲਾ-3 ਜਸਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਦੀ ਇਮਾਰਤ ਦੀ ਉਸਾਰੀ ਸਮੇਂ ਝਾਰਖੰਡ ਤੇ ਛਤੀਸਗੜ੍ਹ ਤੋਂ ਆਈ ਮਾਈਗ੍ਰੇਟਰੀ ਲੇਬਰ ਦੇ 29 ਬੱਚਿਆਂ ਨੂੰ ਆਰਜੀ ਦਾਖਲਾ ਦੇ ਕੇ ਸਕੂਲ ਸਿੱਖਿਆ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਮਜ਼ਦੂਰ ਆਪਣੇ ਰਾਜਾਂ ਵਿੱਚ ਵਾਪਸ ਜਾ ਕੇ ਰਸਮੀ ਸਿੱਖਿਆ ਲਈ ਸਕੂਲਾਂ ਵਿੱਚ ਦਾਖਲ ਹੋ ਕੇ ਅੱਗੇ ਸਿੱਖਿਆ ਹਾਸਲ ਕਰ ਰਹੇ ਹਨ।
ਬੀ.ਪੀ.ਈ.ਓ ਨੇ ਅੱਗੇ ਕਿਹਾ ਕਿ ਇਸੇ ਤਰਜ ‘ਤੇ ਇਨ੍ਹਾਂ ਬੈਂਬੂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਰਸਮੀ ਸਕੂਲੀ ਸਿੱਖਿਆ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀ.ਡੀ.ਐਫ਼ ਨਿਧੀ ਮਲਹੋਤਰਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਾਲੂ ਮਹਿਰਾ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਮੇਤ ਬੈਂਬੂ ਸਕੂਲ ਦੇ ਅਧਿਆਪਕ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *