ਮਹਾਤਮਾ ਗਾਂਧੀ ਦੇ ਦਿਖਾਏ ਰਾਹ ‘ਤੇ ਤੁਰ ਕੇ ਹੀ ਇਕ ਸਵੱਛ ਤੇ ਵਿਕਸਿਤ ਭਾਰਤ ਦਾ ਹੋ ਸਕਦਾ ਹੈ ਨਿਰਮਾਣ: ਬ੍ਰਮ ਸ਼ੰਕਰ ਜਿੰਪਾ

0

– ਵਿਧਾਇਕ ਜਿੰਪਾ ਨੇ ਨਗਰ ਨਿਗਮ ਹੁਸ਼ਿਆਰਪੁਰ ‘ਚ ਆਯੋਜਿਤ ਸਮਾਗਮ ਵਿੱਚ ਕੀਤੀ ਸ਼ਿਰਕਤ

– ਕਿਹਾ, ਲਾਲ ਬਹਾਦੁਰ ਸ਼ਾਸਤਰੀ ਜੀ ਦੀ ਸਾਦਗੀ ਤੇ ਦੇਸ਼ ਪ੍ਰੇਮ ਅੱਜ ਵੀ ਸਾਡੇ ਲਈ  ਪ੍ਰੇਰਨਾ ਸਰੋਤ

– ਨਗਰ ਨਿਗਮ ਹੁਸ਼ਿਆਰਪੁਰ ‘ਚ ਮਨਾਈ ਗਈ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੈਯੰਤੀ

ਹੁਸ਼ਿਆਰਪੁਰ, 02 ਅਕਤੂਬਰ 2024 : ਨਗਰ ਨਿਗਮ ਹੁਸ਼ਿਆਰਪੁਰ ਵਿੱਚ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਜੈਯੰਤੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ‘ਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਬੇਮਿਸਾਲ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਦੇ ਸਵੱਛਤਾ ਅਤੇ ਸਤਿਆਗ੍ਰਹਿ ਦੇ ਸੁਨੇਹੇ ਨੂੰ ਸਾਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ। ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਤੁਰ ਕੇ ਹੀ ਅਸੀਂ ਇਕ ਸਾਫ਼ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ। ਲਾਲ ਬਹਾਦੁਰ ਸ਼ਾਸਤਰੀ ਜੀ ਦੀ ਸਾਦਗੀ ਅਤੇ ਦੇਸ਼ ਪ੍ਰੇਮ ਅੱਜ ਵੀ ਸਾਡੇ ਲਈ ਪ੍ਰੇਰਨਾ ਦਾ ਸਰੋਤ ਹੈ।

ਸਮਾਗਮ ਦੇ ਦੌਰਾਨ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਸੀਨੀਅਰ ਡਿਪਟੀ ਮੇਅਰ ਪ੍ਰਵੀਣ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ ਵੀ ਮੌਜੂਦ ਸਨ।

ਪ੍ਰੋਗਰਾਮ ਦੌਰਾਨ ਹਾਜ਼ਰ ਸਾਰੇ ਅਧਿਕਾਰੀਆਂ ਨੇ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਨਗਰ ਨਿਗਮ ਦੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਉਨ੍ਹਾਂ ਦੀ ਅਨਥਕ ਮਿਹਨਤ ਲਈ ਵਿਧਾਇਕ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ‘ਤੇ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਉਪਯੋਗ ਨਾ ਕਰਨ ਅਤੇ ਸ਼ਹਿਰ ਦੀ ਸਫਾਈ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਰੱਖੀਏ ਅਤੇ ਪ੍ਰਦੂਸ਼ਣ ਨੂੰ ਰੋਕਣ ਵਿੱਚ ਸਹਿਯੋਗ ਕਰੀਏ।

ਕਮਿਸ਼ਨਰ ਨਗਰ ਨਿਗਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਗਰਾਮ ਦੇ ਦੌਰਾਨ ਨਗਰ ਨਿਗਮ ਦੇ ਨਾਲ ਮਿਲ ਕੇ ਸਵੱਛਤਾ ਹੀ ਸੇਵਾ ਮੁਹਿੰਮ ਹੇਠ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਐਨ.ਜੀ.ਓ ਵਲੋਂ ਕੀਤੇ ਗਏ ਯਤਨਾਂ ਦੀ ਸਰਾਹਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਲਿਵਾਸਾ ਹਸਪਤਾਲ ਵੱਲੋਂ ਨਗਰ ਨਿਗਮ ਦੇ ਸਫਾਈ ਸੇਵਕਾਂ ਲਈ ਮੈਡੀਕਲ ਕੈਂਪ ਲਗਾਉਣ ਅਤੇ ਸਫਾਈ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਲਈ ਵਾਕਥਾਨ ਕਰਵਾਉਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ‘ਤੇ ਕੌਂਸਲਰ ਮਨਜੀਤ ਕੌਰ, ਕੌਂਸਲਰ ਮੋਹਿਤ ਸੈਣੀ, ਕੌਂਸਲਰ ਜਸਵੰਤ ਰਾਏ, ਕੌਂਸਲਰ ਹਰਵਿੰਦਰ ਸਿੰਘ, ਕੌਂਸਲਰ ਮੁਕੇਸ਼ ਕੁਮਾਰ, ਗੰਗਾ ਪ੍ਰਸਾਦ, ਨਗਰ ਨਿਗਮ ਹੁਸ਼ਿਆਰਪੁਰ ਦੇ ਸੁਪਰਡੈਂਟ ਐਮਿਤ ਕੁਮਾਰ, ਸੈਨਟਰੀ ਇੰਸਪੈਕਟਰ ਜਨਕ ਰਾਜ, ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਏ.ਐਸ.ਐਮ. ਗੌਰਵ ਸ਼ਰਮਾ, ਐਮ.ਆਈ.ਐਸ. ਵਿਸ਼ੇਸ਼ ਸ਼ਰਮਾ, ਸੀ.ਐਫ. ਮੀਨਾ ਸੈਣੀ, ਜਯੋਤੀ ਕਾਲੀਆ ਅਤੇ ਜਸਵਿੰਦਰ ਕੌਰ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!