ਦੱਖਣੀ ਬਾਈਪਾਸ, ਲੁਧਿਆਣਾ-ਰੋਪੜ ਹਾਈਵੇਅ, ਜਲੰਧਰ ਬਾਈਪਾਸ ‘ਤੇ ਵੀਯੂਪੀ ਏਜੰਡੇ ਤੇ; ਸੰਸਦ ਮੈਂਬਰ ਸੰਜੀਵ ਅਰੋੜਾ ਨੇ ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨਾਲ ਕੀਤੀ ਮੁਲਾਕਾਤ

0

ਲੁਧਿਆਣਾ, 2 ਸਤੰਬਰ 2024 : ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਲੁਧਿਆਣਾ ਵਿੱਚ ਐਨ.ਐਚ.ਏ.ਆਈ ਪ੍ਰੋਜੈਕਟਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।

ਮੀਟਿੰਗ ਦੌਰਾਨ ਐਮਪੀ ਅਰੋੜਾ ਨੇ ਚੇਅਰਮੈਨ ਨੂੰ ਦੱਸਿਆ ਕਿ ਦੱਖਣੀ ਬਾਈਪਾਸ ਗ੍ਰੀਨਫੀਲਡ ਹਾਈਵੇਅ ਪ੍ਰਾਜੈਕਟ ਦੇ ਨਿਰਮਾਣ ਲਈ ਲੋੜੀਂਦੀ ਜ਼ਮੀਨ ਦਾ ਇੱਕ ਵੱਡਾ ਹਿੱਸਾ, ਲਗਭਗ 92.06%, ਪਹਿਲਾਂ ਹੀ ਐਨ.ਐਚ.ਏ.ਆਈ.ਨੂੰ ਸੌਂਪਿਆ ਜਾ ਚੁੱਕਾ ਹੈ। ਚੇਅਰਮੈਨ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ 16 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਫਿਰ ਟੈਂਡਰ ਪ੍ਰਕਿਰਿਆ ਸ਼ੁਰੂ ਹੋਵੇਗੀ। ਇਹ ਪ੍ਰੋਜੈਕਟ ਹੁਣ ਐਨ.ਐਚ.ਏ.ਆਈ.ਦੇ ਨੈਸ਼ਨਲ ਹਾਈਵੇਅ ਓਰੀਜਨਲ (ਐਨਐਚਓ) ਦੇ ਕੰਮਾਂ ਅਧੀਨ ਲਿਆ ਜਾਵੇਗਾ।

ਅਰੋੜਾ ਨੇ ਚੇਅਰਮੈਨ ਨੂੰ ਇਹ ਵੀ ਦੱਸਿਆ ਕਿ ਲੁਧਿਆਣਾ-ਰੂਪਨਗਰ (ਰੋਪੜ) ਗ੍ਰੀਨਫੀਲਡ ਹਾਈਵੇਅ ਪ੍ਰੋਜੈਕਟ, ਪੈਕੇਜ 1 ਲਈ 30 ਕਿਲੋਮੀਟਰ ਭੂਮੀ ਗ੍ਰਹਿਣ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਐਨ.ਐਚ.ਏ.ਆਈ. ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਚੇਅਰਮੈਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਨੂੰ ਠੇਕੇਦਾਰਾਂ ਵੱਲੋਂ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ। ਚੇਅਰਮੈਨ ਨੇ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਠੇਕੇਦਾਰ ਜੀ.ਆਰ.ਇਨਫਰਾਪ੍ਰੋਜੈਕਟਸ ਲਿਮਟਿਡ ਨੂੰ ਤੁਰੰਤ ਕੰਮ ਸ਼ੁਰੂ ਕਰਨ ਲਈ ਕਹਿਣ, ਭਾਵੇਂ ਕਿ ਠੇਕੇ ਦਾ ਸਮਾਂ ਲੰਘ ਚੁੱਕਾ ਹੋਵੇ।

ਇਸ ਤੋਂ ਇਲਾਵਾ ਅਰੋੜਾ ਨੇ ਲੁਧਿਆਣਾ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਅਤੇ ਮਦਨ ਲਾਲ ਬੱਗਾ ਵੱਲੋਂ ਜਲੰਧਰ ਬਾਈਪਾਸ ‘ਤੇ ਕਈ ਥਾਵਾਂ ‘ਤੇ ਵਾਹਨ ਅੰਡਰਪਾਸ (ਵੀ.ਯੂ.ਪੀ.) ਦੇ ਨਿਰਮਾਣ ਸਬੰਧੀ ਉਠਾਏ ਮੁੱਦਿਆਂ ਨੂੰ ਉਜਾਗਰ ਕੀਤਾ, ਜਿਸ ਵਿੱਚ ਸੁਭਾਸ਼ ਨਗਰ ਤੋਂ ਸੁੰਦਰ ਨਗਰ ਚੌਕ, ਕੈਲਾਸ਼ ਨਗਰ ਚੌਕ, ਕਾਕੋਵਾਲ ਚੌਕ–ਸ਼ੇਖੇਵਾਲ, ਕਾਲੀ-ਬਿੰਦਰਾ ਕਲੋਨੀ, ਪ੍ਰਿੰਗਲ ਗਰਾਊਂਡ ਅਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ ਸ਼ਾਮਲ ਹਨ। ਚੇਅਰਮੈਨ ਨੇ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਕਿ ਇਹਨਾਂ ਦਾ ਧਿਆਨ ਆਰ.ਓ. ਵੱਲੋਂ ਰੱਖਿਆ ਜਾਣਾ ਚਾਹੀਦਾ ਹੈ  ਕਿਉਂਕਿ ਇਹ ਉਸਦੇ ਅਧਿਕਾਰਾਂ ਵਿੱਚ ਹਨ ਅਤੇ ਇਹਨਾਂ ਦੀ ਤੁਰੰਤ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਦੁਰਘਟਨਾਵਾਂ ਵਾਲੇ ਸਥਾਨ ਹਨ ਜਿਨ੍ਹਾਂ ਨੂੰ ਬਲੈਕ ਸਪਾਟ ਕਿਹਾ ਜਾਂਦਾ ਹੈ। ਹਾਲਾਂਕਿ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਸਾਰੀ ਦੌਰਾਨ ਲੋਕਾਂ ਨੂੰ ਭਾਰੀ ਆਵਾਜਾਈ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਅਰੋੜਾ ਨੇ ਚੇਅਰਮੈਨ ਨੂੰ ਸ਼ੇਰਪੁਰ ਚੌਕ ਤੋਂ ਢੰਡਾਰੀ ਕਲਾਂ ਵਾਲੇ ਪਾਸੇ ਤੋਂ ਏਵਨ ਸਾਈਕਲ ਤੱਕ ਸਰਵਿਸ ਰੋਡ ਦੀ ਮਾੜੀ ਹਾਲਤ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਅਤੇ ਉਦਯੋਗਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਚੇਅਰਮੈਨ ਨੂੰ ਦੱਸਿਆ ਕਿ ਢੰਡਾਰੀ ਪੁਲ ‘ਤੇ ਅੰਡਰਪਾਸ ਤੰਗ ਹੈ ਅਤੇ ਪਾਣੀ ਭਰਨ ਕਾਰਨ ਲੰਘਣ ਯੋਗ ਨਹੀਂ ਹੈ, ਜਿਸ ਕਾਰਨ ਉਦਯੋਗਾਂ ਦੇ ਸੰਚਾਲਨ, ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸਮੁੱਚੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਨਵੀਨਤਮ ਤਕਨਾਲੋਜੀ ਨਾਲ ਨਵੀਂ ਡਰੇਨ ਦਾ ਠੇਕਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਅਤੇ ਠੇਕੇਦਾਰ ‘ਤੇ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਦਬਾਅ ਪਾਇਆ ਜਾਵੇਗਾ, ਪਰ ਦਸੰਬਰ 2024 ਤੋਂ ਬਾਅਦ ਨਹੀਂ।

ਐਨ.ਐਚ.ਏ.ਆਈ. ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਅਰੋੜਾ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਦਾ ਨੋਟਿਸ ਲਿਆ ਅਤੇ ਮੈਂਬਰ ਟੈਕਨੀਕਲ ਆਲੋਕ ਦੀਪਾਂਕਰ ਅਤੇ ਸੀਜੀਐਮ ਪੰਜਾਬ ਪ੍ਰਸ਼ਾਂਤ ਖੋਡਸਕਰ ਨੂੰ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਅਰੋੜਾ ਵੱਲੋਂ ਪੰਜਾਬ ਵਿੱਚ ਐਨ.ਐਚ.ਏ.ਆਈ. ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਅਤੇ ਲੁਧਿਆਣਾ ਅਤੇ ਪੰਜਾਬ ਦੇ ਸੜਕੀ ਢਾਂਚੇ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਚੇਅਰਮੈਨ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਮੀਟਿੰਗ ਦੌਰਾਨ ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੜਕਾਂ ਦਾ ਨਿਰਮਾਣ ਨਾ ਸਿਰਫ਼ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ ਹੈ ਸਗੋਂ ਇਸ ਖੇਤਰ ਦਾ ਆਰਥਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਚੇਅਰਮੈਨ ਨੂੰ ਭਰੋਸਾ ਦਿਵਾਇਆ ਕਿ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਐਨ.ਐਚ.ਏ.ਆਈ. ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

About The Author

Leave a Reply

Your email address will not be published. Required fields are marked *

You may have missed