ਕੈਬਨਿਟ ਮੰਤਰੀ ਜਿੰਪਾ ਵੱਲੋਂ ਜੇਜੋ ਚੋਅ ਹਾਦਸੇ ’ਤੇ ਗਹਿਰਾ ਦੁੱਖ ਪ੍ਰਗਟ

0
– ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਮਦਦ ਦਾ ਐਲਾਨ
ਹੁਸ਼ਿਆਰਪੁਰ, 11 ਅਗਸਤ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਜੇਜੋ ਚੋਅ ਵਿੱਚ ਪਾਣੀ ਦੇ ਤੇਜ਼ ਬਹਾਅ ਕਾਰਨ ਹੋਏ ਦਰਦਨਾਕ ਹਾਦਸੇ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਇਸ ਦੁਖਦਾਈ ਘਟਨਾ ਵਿੱਚ ਇੱਕ ਇਨੋਵਾ ਗੱਡੀ, ਜਿਸ ਵਿੱਚ 12 ਲੋਕ ਸਵਾਰ ਸਨ, ਪਾਣੀ ਦੇ ਤੇਜ਼ ਬਹਾਅ ਵਿੱਚ ਬਹਿ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਦੁਖਦਾਈ ਮੌਤ ਹੋ ਗਈ ਹੈ, ਜਦਕਿ ਦੋ ਲੋਕ ਹਾਲੇ ਵੀ ਲਾਪਤਾ ਹਨ। ਐਨ.ਡੀ.ਆਰ.ਐਫ. ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇੱਕ ਵਿਅਕਤੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੁਰੰਤ ਘਟਨਾਸਥਲ ’ਤੇ ਪਹੁੰਚੇ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਤੋਂ ਪੂਰੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਆਪਣੀ ਮੌਜੂਦਗੀ ਵਿੱਚ ਮ੍ਰਿਤਕਾਂ ਦੇ ਸ਼ਰੀਰਾਂ ਨੂੰ ਸਿਵਲ ਹਸਪਤਾਲ ਦੇ ਸ਼ਵਗ੍ਰਹਿ ਤੱਕ ਪੁਚਾਉਣ ਦੀ ਵਿਵਸਥਾ ਯਕੀਨੀ ਬਣਾਈ। ਉਨ੍ਹਾਂ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਦੱਸਦਿਆਂ ਪੀੜਤ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਰਾਜ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਦਦ ਰਾਸ਼ੀ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹੈ, ਤਾਂ ਜੋ ਉਹ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਦੁੱਖਾਂ ਨੂੰ ਕੁਝ ਹੱਦ ਤੱਕ ਘਟਾ ਸਕਣ।
ਘਟਨਾ ਬਾਰੇ ਵਿਸਥਾਰ ਨਾਲ ਦੱਸਦਿਆਂ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੈਹਤਪੁਰ ਦੇ ਦੇਹਲਾ ਪਿੰਡ ਤੋਂ ਪੰਜਾਬ ਦੇ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਹੀ ਇਨੋਵਾ ਗੱਡੀ ਅਚਾਨਕ ਜੇਜੋ ਚੋਅ ਵਿੱਚ ਪਾਣੀ ਦੇ ਤੇਜ਼ ਬਹਾਅ ਦੀ ਚਪੇਟ ਵਿੱਚ ਆ ਗਈ। ਇਸ ਹਾਦਸੇ ਵਿੱਚ ਗੱਡੀ ਦੇ 9 ਸਵਾਰਾਂ ਦੀ ਦੁਖਦਾਈ ਮੌਤ ਹੋ ਗਈ, ਜਦਕਿ ਦੋ ਲੋਕ ਹਾਲੇ ਵੀ ਲਾਪਤਾ ਹਨ। ਐਨ.ਡੀ.ਆਰ.ਐਫ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਸੁਰੱਖਿਅਤ ਬਚਾ ਲਿਆ ਹੈ।
ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬਚਾਅ ਕਾਰਵਾਈ ਵਿੱਚ ਭਾਗ ਲਿਆ, ਉਹਨਾਂ ਨੂੰ ਆਉਣ ਵਾਲੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਬਚਾਅ ਕਾਰਜ ਨੂੰ ਤੇਜ਼ ਕਰਨ ਅਤੇ ਲਾਪਤਾ ਲੋਕਾਂ ਦੀ ਜਲਦੀ ਤੋਂ ਜਲਦੀ ਤਲਾਸ਼ ਕਰਨ ਦੇ ਹਦਾਇਤ ਦਿੱਤੀ
ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਨਿਰਦੇਸ਼ ਦਿੱਤੇ ਕਿ ਜੇਜੋ ਚੋਅ ਦੇ ਦੋਵਾਂ ਪਾਸਿਆਂ ’ਤੇ ਬੈਰੀਕੇਡ ਲਗਾਏ ਜਾਣ। ਇਸ ਤੋਂ ਇਲਾਵਾ, ਉਥੇ ਸੂਚਨਾ ਬੋਰਡ ਲਗਵਾਏ ਜਾਣ, ਜਿਸ ’ਤੇ ਇਹ ਲਿਖਿਆ ਜਾਵੇ ਕਿ ਚੋਅ ਵਿੱਚ ਪਾਣੀ ਆਉਣ ਦੀ ਸੂਰਤ ਵਿੱਚ ਇਸਨੂੰ ਕ੍ਰਾਸ ਨਾ ਕੀਤਾ ਜਾਵੇ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੀਂਹ ਦੇ ਮੌਸਮ ਵਿੱਚ ਦਰਿਆ, ਨਹਿਰ ਅਤੇ ਹੋਰ ਜਲ ਸਰੋਤਾਂ ਦੇ ਨੇੜੇ ਅਤਿਅਧਿਕ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਕੇ ਅਸੀਂ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚ ਸਕਦੇ ਹਾਂ।

About The Author

Leave a Reply

Your email address will not be published. Required fields are marked *

error: Content is protected !!