ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਵੱਧ ਤੋਂ ਵੱਧ ਮੌਕੇ ਕੀਤੇ ਪ੍ਰਦਾਨ : ਬ੍ਰਮ ਸ਼ੰਕਰ ਜਿੰਪਾ
– ਕੈਬਨਿਟ ਮੰਤਰੀ ਨੇ ਆਮ ਆਦਮੀ ਕਲੀਨਿਕਾਂ ਲਈ 5 ਡਾਕਟਰਾਂ ਨੂੰ ਸੌਂਪੇ ਇੰਪੈਨਲਮੈਂਟ ਲੈਟਰ
– ਕਿਹਾ, ਆਮ ਆਦਮੀ ਕਲੀਨਿਕਾਂ ਤੋਂ ਲੋਕਾਂ ਨੂੰ ਮਿਲ ਰਿਹੈ ਬੇਹੱਦ ਲਾਭ
ਹੁਸ਼ਿਆਰਪੁਰ, 1 ਅਗਸਤ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਵੱਧ ਤੋਂ ਵੱਧ ਨੌਕਰੀਆਂ ਦੇ ਕੇ ਨੌਜਵਾਨਾਂ ਵਿਚ ਜੋਸ਼ ਭਰਿਆ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਨੌਜਵਾਨ ਵਿਦੇਸ਼ ਨਾ ਜਾ ਕੇ ਹੁਣ ਪੰਜਾਬ ਦੀ ਸੇਵਾ ਲਈ ਕੰਮ ਕਰ ਰਹੇ ਹਨ। ਉਹ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਆਮ ਆਦਮੀ ਕਲੀਨਿਕ ਲਈ 5 ਡਾਕਟਰਾਂ ਨੂੰ ਇੰਪੈਨਲਮੈਂਟ ਲੈਟਰ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹੁਣ ਤੱਕ ਕਰੀਬ 900 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ ਅਤੇ ਸੂਬਾ ਵਾਸੀਆਂ ਨੂੰ ਇਸ ਦਾ ਬਹੁਤ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਜਿਥੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਦੇ ਟੈਸਟ ਵੀ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਨਵ-ਨਿਯੁਕਤ ਡਾਕਟਰਾਂ ਨੂੰ ਵੀ ਸੇਵਾ ਭਾਵਨਾ ਨਾਲ ਮਰੀਜ਼ਾਂ ਦਾ ਇਲਾਜ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ. ਸਵਾਤੀ ਸ਼ੀਮਾਰ, ਐਸ.ਐਮ.ਓ ਡਾ. ਮਨਮੋਹਨ ਸਿੰਘ, ਡੀ.ਪੀ.ਐਮ ਮੁਹੰਮਦ ਆਸਿਫ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।