ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ਹੁਸ਼ਿਆਰਪੁਰ , 5 ਜੂਨ  | “ਸਾਡੀ ਧਰਤੀ ਸਾਡਾ ਭਵਿੱਖ”ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਾਤਾਵਰਣ ਨੂੰ ਬਚਾਉਣ ਅਤੇ ਸੰਭਾਲਣ ਦੇ ਉਦੇਸ਼ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਰਜਕਾਰੀ ਇੰਜੀਨੀਅਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਕੰਪਲੈਕਸ ਵਿੱਚ ਬੋਹੜ, ਪਿੱਪਲ, ਨਿੰਮ ਆਦਿ ਬੂਟੇ ਲਗਾਏ ਗਏ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ 1384 ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ, ਠੋਸ ਕੂੜਾ ਪ੍ਰਬੰਧਨ, ਤਰਲ ਕੂੜਾ ਪ੍ਰਬੰਧਨ ਅਤੇ ਪਲਾਸਟਿਕ ਕੂੜਾ ਪ੍ਰਬੰਧਨ ਦੀਆਂ ਸਾਈਟਾਂ ਉੱਤੇ ਵਿਭਾਗ ਦੇ ਵੱਖ-ਵੱਖ ਮੰਡਲਾਂ ਵੱਲੋਂ ਵੱਖ-ਵੱਖ ਕਿਸਮ ਦੇ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਉਪ ਮੰਡਲ ਇੰਜੀਨੀਅਰ ਨਵਨੀਤ ਕੁਮਾਰ ਜਿੰਦਲ ਵੱਲੋਂ ਪਿੰਡ ਵਾਸੀਆਂ ਨੂੰ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਰ ਪਿੰਡ ਵਾਸੀ ਨੂੰ ਆਪਣੀ ਖੁਸ਼ੀ ਦੇ ਮੌਕੇ ਪੌਦੇ ਲਗਾਉਣ ਲਈ ਕਿਹਾ ਗਿਆ ਤਾਂ ਜੋ ਗਰਮੀਆਂ ਦੇ ਮੌਸਮ ਦੌਰਾਨ ਵਧਦੇ ਹੋਏ ਤਾਪਮਾਨ ਨੂੰ ਘਟਾਇਆ ਜਾ ਸਕੇ। ਇਸ ਮੌਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਇੱਕ 12 ਫੁੱਟ ਨਿੰਮ ਦਾ ਦਰੱਖਤ 3 ਏ.ਸੀ. ਦੇ ਬਰਾਬਰ ਠੰਡਕ ਪੈਦਾ ਕਰਦਾ ਹੈ। ਦਰੱਖਤ ਹੀ ਜੀਵਨ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕ ਦਰੱਖਤ ਜ਼ਰੂਰ ਲਗਾਉਣਾ ਚਾਹੀਦਾ ਹੈ। ਜੀਵਨ ਬਚਾਉ ਅਤੇ ਆਪਣੇ ਨਾਲ ਦੂਜਿਆਂ ਦਾ ਜੀਵਨ ਆਸਾਨ ਬਣਾਉਣ ਲਈ ਪਿੱਪਲ ਦਾ ਬੂਟਾ ਜੋ ਕਿ 24 ਘੰਟੇ, ਬਰਗਦ 20 ਘੰਟੇ ਅਤੇ ਨਿੰਮ ਜੋ ਕਿ 18 ਘੰਟੇ ਆਕਸੀਜਨ ਦਿੰਦਾ ਹੈ, ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਲਗਾਉ ਅਤੇ ਦੂਜਿਆਂ ਨੂੰ ਵੀ ਪੌਦੇ ਲਗਾਉਣ ਲਈ ਪ੍ਰੇਰਿਤ ਕਰੋ। ਉਨ੍ਹਾਂ ਪੌਦੇ ਤਾਪਮਾਨ ਨੂੰ ਘਟਾਉਣ ਦੇ ਨਾਲ-ਨਾਲ ਬਾਰਿਸ਼ ਕਰਾਉਣ, ਪਾਣੀ ਦੇ ਲੈਵਲ ਨੂੰ ਉੱਚਾ ਉਠਾਉਣ ਅਤੇ ਸ਼ਹਿਰਾਂ ਵਿੱਚ ਹੜ੍ਹ ਨੂੰ ਆਉਣ ਤੋਂ ਰੋਕਦੇ ਹਨ, ਹਵਾ ਨੂੰ ਸ਼ੁੱਧ ਕਰਕੇ ਫੇਫੜਿਆਂ ਨੂੰ ਬਚਾਉਂਦੇ ਹਨ। ਇਸ ਤੋਂ ਇਲਾਵਾ ਸ਼ਾਤੀ ਅਤੇ ਬੱਚਤ ਦੇ ਨਾਲ ਨਾਲ ਮਨ ਨੂੰ ਸਕੂਨ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੌਦੇ ਨਾ ਸਿਰਫ਼ ਸਾਡਾ ਜੀਵਨ ਬਚਾਉਂਦੇ ਹਨ ਬਲਕਿ ਪੰਛੀਆਂ ਦੇ ਰੈਣ ਬਸੇਰਾ ਵੀ ਬਣਦੇ ਹਨ। “ਸਾਡੀ ਧਰਤੀ ਸਾਡਾ ਭਵਿੱਖ” ਦੀ ਮੁਹਿੰਮ ਦੇ ਤਹਿਤ ਅੱਜ ਦਰੱਖਤ ਲਗਾਉਣ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਉਸਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਨੇਪਰੇ ਚਾੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਭਵਿੱਖ ਦੇ ਨਾਲ-ਨਾਲ ਆਉਣ ਵਾਲੇ ਬੱਚਿਆਂ ਲਈ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਸਾਰਿਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

About The Author