ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ -ਜ਼ਿਲ੍ਹੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ

ਫਾਜ਼ਿਲਕਾ , 20 ਮਈ | ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫ਼ਸਰ ਡਾ: ਸੇਨੂ ਦੁੱਗਲ ਨੇ ਜ਼ਿਲ੍ਹੇ ਵਸਨੀਕਾਂ ਨੂੰ ਸਲਾਹ ਦਿੱਤੀ ਕਿ ਸੂਬੇ ਵਿੱਚ ਲੋਕ ਸਭਾ ਚੋਣਾਂ-2024 ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਮੱਦੇਨਜ਼ਰ ਜੇ ਕੋਈ ਵੀ ਵਿਅਕਤੀ ਆਪਣੇ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਲੈ ਕੇ ਜਾ ਰਿਹਾ ਹੈ ਤਾਂ ਉਹ ਸਬੂਤ ਵਜੋਂ ਆਪਣੇ ਨਾਲ ਢੁਕਵੇਂ ਦਸਤਾਵੇਜ਼ ਜਿਵੇਂ ਬੈਂਕ ਦੀ ਰਸੀਦ ਆਦਿ ਜ਼ਰੂਰ ਰੱਖੇ। ਇਸਦੇ ਨਾਲ ਹੀ ਵਪਾਰੀਆਂ ਨੂੰ ਅਜਿਹੇ ਮਾਮਲੇ ਵਿੱਚ ਆਪਣੇ ਕੋਲ ਰਸੀਦ ਬੁੱਕ ਜਾਂ ਕੋਈ ਢੁਕਵਾਂ ਦਸਤਾਵੇਜ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਲਈ ਸੀ-ਵਿਜੀਲ ਐਪ, ਟੋਲ-ਫ੍ਰੀ ਨੰਬਰ 1950 ਅਤੇ ਭਾਰਤੀ ਚੋਣ ਕਮਿਸ਼ਨ ਦੇ ਕੌਮੀ ਸ਼ਿਕਾਇਤ ਸੇਵਾ ਪੋਰਟਲ (ਐਨ.ਜੀ.ਪੀ.ਐਸ.) ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਯਕੀਨੀ ਬਣਾਈਆਂ ਜਾ ਸਕਣ।
ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਆਦਰਸ਼ ਚੋਣ ਜ਼ਬਤਾ ਲਾਗੂ ਹੋਣ ਤੱਕ ਫਲੈਕਸ ਬੋਰਡ ਅਤੇ ਹੋਰਡਿੰਗ, ਸਹਾਇਕ ਰਿਟਰਨਿੰਗ ਅਫ਼ਸਰ ਜਾਂ ਦਫ਼ਤਰ ਮੁੱਖ ਚੋਣ ਅਫ਼ਸਰ ਦੀ ਮਨਜ਼ੂਰੀ ਤੋਂ ਬਾਅਦ ਸਿਰਫ਼ ਨਿਰਧਾਰਤ ਸਥਾਨਾਂ ‘ਤੇ ਹੀ ਲਗਾਏ ਜਾ ਸਕਦੇ ਹਨ ।
ਉਨ੍ਹਾਂ ਨੇ ਅੱਗੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਧਰਮ ਦੇ ਨਾਮ ‘ਤੇ ਵੋਟਾਂ ਨਹੀਂ ਮੰਗ ਸਕਦਾ ਕਿਉਂਕਿ ਇਹ ਆਦਰਸ਼ ਚੋਣ ਜ਼ਾਬਦੇ ਦੀ ਉਲੰਘਣਾ ਹੈ। ਇਸੇ ਤਰਾਂ ਉਨ੍ਹਾਂ  ਨੇ ਸਪੱਸ਼ਟ ਕੀਤਾ ਕਿ ਕੋਈ ਵੀ ਸਰਕਾਰੀ ਕਰਮਚਾਰੀ ਰਾਜਨੀਤਿਕ ਪਾਰਟੀਆਂ ਲਈ ਪ੍ਰਚਾਰ ਨਹੀਂ ਕਰ ਸਕਦਾ ਅਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ‘ਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਕੇ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਚੋਣ ਤਿਆਰੀਆਂ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਗਰਮੀ ਤੋਂ ਰਾਹਤ ਲਈ ਪੋਲਿੰਗ ਸਟੇਸ਼ਨਾਂ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਵੋਟਰ ਗਰਮੀ ਕਰਕੇ ਆਪਣੀ ਵੋਟ ਦੇ ਅਧਿਕਾਰੀ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਪੋਲਿੰਗ ਸਟੇਸ਼ਨਾਂ ‘ਤੇ ਵਾਟਰ ਕੂਲਰ, ਪੱਖੇ, ਬੈਠਣ ਲਈ ਢੁਕਵੀਂ ਥਾਂ ਅਤੇ ਸ਼ੈੱਡਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਵੋਟਰਾਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ। ਇਸ ਲਈ ਜ਼ਿਲ੍ਹੇ ਵਿਚ 829 ਪੋਲਿੰਗ ਬੂਥ ਬਣਾਏ ਗਏ ਹਨ।

About The Author

You may have missed