ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦਾ ਕੌਮਾਂਤਰੀ ਮਹਿਲਾ ਦਿਵਸ ‘ਤੇ ਨਿਵੇਕਲਾ ਉਪਰਾਲਾ, 6 ਔਰਤਾਂ ਨੂੰ ਈ-ਰਿਕਸ਼ਾ ਦੀ ਦਿੱਤੀ ਸੌਗਾਤ

ਪਟਿਆਲਾ , 7 ਮਾਰਚ | ਕੌਮਾਂਤਰੀ ਮਹਿਲਾ ਦਿਵਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਇੱਕ ਨਿਵੇਕਲਾ ਉਪਰਾਲਾ ਕਰਦਿਆਂ ‘ਆਤਮ ਸਨਮਾਨ ਪ੍ਰੋਜੈਕਟ’ ਤਹਿਤ ਜ਼ਿਲ੍ਹੇ ਦੇ ਸਵੈ ਸਹਾਇਤਾ ਗਰੁੱਪ ਦੀਆਂ ਛੇ ਔਰਤਾਂ ਨੂੰ ਈ-ਰਿਕਸ਼ਾ ਦੀ ਸੌਗਾਤ ਦੇ ਕੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵੱਲ ਅੱਜ ਇੱਕ ਹੋਰ ਕਦਮ ਵਧਾਇਆ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਈ-ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਤੇ ਸਹਾਇਕ ਕਮਿਸ਼ਨਰ (ਜ) ਮਨਜੀਤ ਕੌਰ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਗਰੁੱਪਾਂ ਨਾਲ ਜੁੜਕੇ ਪਿੰਡਾਂ ਦੀਆਂ ਔਰਤਾਂ ਦਾ ਆਰਥਿਕ ਅਤੇ ਸਮਾਜਿਕ ਜੀਵਨ ਪੱਧਰ ਉਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਸਫਲ ਹੋਣ ਉਪਰੰਤ ਅਗਲੇ ਪੜਾਅ ਵਿੱਚ ਲੋੜਵੰਦ ਪੇਂਡੂ ਔਰਤਾਂ ਨੂੰ ਹੋਰ ਈ ਰਿਕਸ਼ਾ ਵੀ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਨੇ ਈ ਰਿਕਸ਼ਾ ਦੀ ਸਵਾਰੀ ਕਰਕੇ ਔਰਤਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਪੇਂਡੂ ਲੜਕੀਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਉਪਰਾਲੇ ਕਰਨ ਲਈ ਕਿਹਾ ਸੀ। ਇਸ ਪ੍ਰੋਜੈਕਟ ਨਾਲ ਮੁੱਖ ਮੰਤਰੀ ਦਾ ਵਿਜ਼ਨ ਵੀ ਪੂਰਾ ਹੋਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬਣੇ ਐਸ.ਐਚ.ਜੀ ਦੀਆ ਗ਼ਰੀਬ ਔਰਤਾਂ ਨੂੰ ਆਜੀਵਿਕਾ ਦੇ ਮੌਕੇ ਪ੍ਰਦਾਨ ਕਰਨ ਲਈ ਮਹਿਲਾ ਦਿਵਸ ਦੇ ਮੌਕੇ ਤੇ ‘ਆਤਮ ਸਨਮਾਨ ਪ੍ਰੋਜੈਕਟ’ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਚਾਹਵਾਨ ਲੋੜਵੰਦ ਪਿੰਡਾਂ ਦੀਆਂ ਔਰਤਾਂ ਨੂੰ 6 ਵਾਤਾਵਰਨ ਅਨੁਕੂਲ ਈ ਰਿਕਸ਼ਾ ਮੁਹੱਈਆ ਕਰਵਾਏ ਗਏ ਹਨ। ਜਿਸ ਨਾਲ ਵੱਖ-ਵੱਖ ਪਿੰਡਾ ਦੇ ਅੰਦਰੂਨੀ ਰਸਤਿਆਂ ਵਿੱਚ ਬੱਸਾਂ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਇੱਕ ਜਗ੍ਹਾ ਤੋ ਦੂਜੀ ਜਗ੍ਹਾ ਆਉਣ ਜਾਣ ਅਤੇ ਸਕੂਲੀ ਬੱਚਿਆ ਨੂੰ ਸਕੂਲਾਂ ਤੱਕ ਆਉਣ ਜਾਣ ਵਿੱਚ ਸਹੂਲਤ ਮਿਲੇਗੀ, ਉਥੇ ਹੀ ਇਨ੍ਹਾਂ ਗ਼ਰੀਬ ਔਰਤਾਂ ਨੂੰ ਆਮਦਨ ਦਾ ਸਾਧਨ ਵੀ ਮਿਲੇਗਾ। ਜਿਸ ਨਾਲ ਇਨ੍ਹਾਂ ਗ਼ਰੀਬ ਔਰਤਾਂ ਦੇ ਪਰਿਵਾਰ ਵਿੱਚ ਆਰਥਿਕ ਸਹਾਇਤਾ ਦੇ ਨਾਲ ਨਾਲ ਇਨ੍ਹਾਂ ਦਾ ਸਮਾਜਿਕ ਜੀਵਨ ਪੱਧਰ ਵੀ ਉੱਚਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 50 ਪ੍ਰਤੀਸ਼ਤ ਰਕਮ ਇਨ੍ਹਾਂ ਔਰਤਾਂ ਵੱਲੋਂ ਸਮੂਹਾਂ ਦੇ ਲੋਨ ਰਾਹੀ ਦਿੱਤੀ ਗਈ ਹੈ ਅਤੇ ਬਾਕੀ ਦੀ 50 ਪ੍ਰਤੀਸ਼ਤ ਰਕਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਸੀਲਿਆਂ ਜਿਵੇਂ ਕਿ ਐਸ.ਸੀ ਕਾਰਪੋਰੇਸ਼ਨ ਵਿਭਾਗ, ਐਨ.ਜੀ.ਓ ਰਾਹੀ ਸਬਸਿਡੀ ਦੇ ਤੌਰ ਤੇ ਉਪਲਬਧ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਆਤਮ ਸਨਮਾਨ ਪ੍ਰੋਜੈਕਟ ‘ਚ ਮਹਾਕਾਲੀ ਚੈਰੀਟੇਬਲ ਟਰੱਸਟ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਮੌਕੇ ਮਹਾਕਾਲੀ ਚੈਰੀਟੇਬਲ ਟਰੱਸਟ ਦੇ ਟਰੱਸਟੀ ਤੇ ਸਮਾਜ ਸੇਵੀ ਸੀ.ਏ. ਰਾਜੀਵ ਗੋਇਲ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਟਰੱਸਟ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜੇਸ਼ ਪੰਜੋਲਾ, ਰੀਨਾ ਰਾਣੀ, ਨਵਦੀਪ ਸਿੰਘ ਵੀ ਮੌਜੂਦ ਸਨ।

About The Author

You may have missed