1 ਮਾਰਚ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ, ਇਹ ਰਹੇਗਾ ਦਰਸ਼ਨ ਦਾ ਸਮਾਂ
ਆਬੂ ਧਾਬੀ , 28 ਫਰਵਰੀ । ਆਬੂਧਾਬੀ ਵਿਚ ਬਣਿਆ ਪਹਿਲਾ ਹਿੰਦੂ ਮੰਦਰ 1 ਮਾਰਚ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇਸ ਮੰਦਰ ਦਾ ਉਦਘਾਟਨ ਕੀਤਾ ਸੀ। ਮੰਦਰ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਮੰਦਰ ਦੇ ਬੁਲਾਰੇ ਨੇ ਕਿਹਾ, ‘ਮੰਦਰ 1 ਮਾਰਚ ਤੋਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ। ਮੰਦਰ ਹਰ ਸੋਮਵਾਰ ਨੂੰ ਸ਼ਰਧਾਲੂਆਂ ਲਈ ਬੰਦ ਰਹੇਗਾ।’
ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀ.ਏ.ਪੀ.ਐੱਸ.) ਵੱਲੋਂ ਬਣਾਇਆ ਗਿਆ ਇਹ ਮੰਦਰ ਦੁਬਈ-ਆਬੂਧਾਬੀ ਸ਼ੇਖ ਜਾਇਦ ਹਾਈਵੇਅ ‘ਤੇ ਅਲ ਰਹਿਬਾ ਨੇੜੇ 27 ਏਕੜ ਦੇ ਖੇਤਰ ਵਿੱਚ ਲਗਭਗ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਬੀ.ਏ.ਪੀ.ਐੱਸ. ਦੇ ਅੰਤਰਰਾਸ਼ਟਰੀ ਸਬੰਧਾਂ ਦੇ ਮੁਖੀ ਸਵਾਮੀ ਬ੍ਰਹਮਵਿਹਾਰੀਦਾਸ ਨੇ ਕਿਹਾ ਕਿ, ‘ਇੱਥੇ ਆਰਕੀਟੈਕਚਰਲ ਵਿਧੀਆਂ ਨੂੰ ਵਿਗਿਆਨਕ ਤਕਨੀਕਾਂ ਨਾਲ ਜੋੜਿਆ ਗਿਆ ਹੈ। ਤਾਪਮਾਨ, ਦਬਾਅ ਅਤੇ ਗਤੀ (ਭੂਚਾਲ ਦੀ ਗਤੀਵਿਧੀ) ਨੂੰ ਮਾਪਣ ਲਈ ਮੰਦਰ ਦੇ ਹਰ ਪੱਧਰ ‘ਤੇ 300 ਤੋਂ ਵੱਧ ਉੱਚ-ਤਕਨੀਕੀ ਸੈਂਸਰ ਲਗਾਏ ਗਏ ਹਨ। ਸੈਂਸਰ ਖੋਜ ਲਈ ਲਾਈਵ ਡਾਟਾ ਪ੍ਰਦਾਨ ਕਰਨਗੇ।’
ਮੰਦਰ ਦੇ ਨਿਰਮਾਣ ਵਿੱਚ ਕਿਸੇ ਵੀ ਧਾਤ ਦੀ ਵਰਤੋਂ ਨਹੀਂ ਕੀਤੀ ਗਈ ਹੈ ਅਤੇ ਨੀਂਹ ਨੂੰ ਭਰਨ ਲਈ ਕੰਕਰੀਟ ਮਿਸ਼ਰਣ ਵਿੱਚ 55 ਫ਼ੀਸਦੀ ਸੀਮਿੰਟ ਜੀ ਜਗ੍ਹਾ ਰਾਖ ਦੀ ਵਰਤੋਂ ਕੀਤੀ ਗਈ ਹੈ। ਮੰਦਰ ਦੇ ਨਿਰਮਾਣ ਪ੍ਰਬੰਧਕ ਮਧੂਸੂਦਨ ਪਟੇਲ ਨੇ ਕਿਹਾ, ‘ਅਸੀਂ ਰਵਾਇਤੀ ਸੁੰਦਰਤਾ ਵਾਲੇ ਪੱਥਰ ਦੀਆਂ ਬਣਤਰਾਂ ਅਤੇ ਆਧੁਨਿਕ ਕਾਰੀਗਰੀ ਨੂੰ ਜੋੜਦੇ ਹੋਏ ਤਾਪਮਾਨ ਰੋਧਕ ਮਾਈਕ੍ਰੋ ਟਾਇਲਸ ਅਤੇ ਭਾਰੀ ਕੱਚ ਦੇ ਪੈਨਲਾਂ ਦੀ ਵਰਤੋਂ ਕੀਤੀ ਹੈ। ਯੂ.ਏ.ਈ. ਵਿੱਚ ਬਹੁਤ ਜ਼ਿਆਦਾ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਟਾਈਲਾਂ ਸ਼ਰਧਾਲੂਆਂ ਦੇ ਪੈਦਲ ਚੱਲਣ ਲਈ ਸੁਵਿਧਾਜਨਕ ਹੋਣਗੀਆਂ।’
ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ ਨਾਗਰ ਸ਼ੈਲੀ ਵਿੱਚ ਬਣਿਆ ਹੈ। ਇਸੇ ਤਰ੍ਹਾਂ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕੀਤਾ ਗਿਆ ਹੈ। ਮੰਦਰ ਦੇ ਇੱਕ ਵਲੰਟੀਅਰ ਉਮੇਸ਼ ਰਾਜਾ ਦੇ ਅਨੁਸਾਰ, 20 ਹਜ਼ਾਰ ਟਨ ਤੋਂ ਵੱਧ ਚੂਨਾ ਪੱਥਰ ਦੇ ਟੁਕੜਿਆਂ ਨੂੰ ਰਾਜਸਥਾਨ ਵਿੱਚ ਉੱਕੇਰਿਆ ਗਿਆ ਅਤੇ 700 ਕੰਟੇਨਰਾਂ ਵਿੱਚ ਆਬੂ ਧਾਬੀ ਲਿਆਂਦਾ ਗਿਆ। ਯੂ.ਏ.ਈ. ਵਿੱਚ ਤਿੰਨ ਹੋਰ ਹਿੰਦੂ ਮੰਦਰ ਹਨ ਜੋ ਦੁਬਈ ਵਿੱਚ ਹਨ। ਸ਼ਾਨਦਾਰ ਆਰਕੀਟੈਕਚਰ ਅਤੇ ਨੱਕਾਸ਼ੀ ਦੇ ਨਾਲ ਇੱਕ ਵਿਸ਼ਾਲ ਖੇਤਰ ਵਿੱਚ ਫੈਲਿਆ BAPS ਮੰਦਿਰ ਖਾੜੀ ਖੇਤਰ ਵਿੱਚ ਸਭ ਤੋਂ ਵੱਡਾ ਮੰਦਰ ਹੈ।