ਸ਼ਹਿਰ ‘ਚ ਸੜਕਾਂ ਤੇ ਗਲੀਆਂ ‘ਚ ਘੁੰਮਦੇ ਅਵਾਰਾ ਪਸ਼ੂ ਅਬਲੋਵਾਲ ਡੇਅਰੀ ਪ੍ਰਾਜੈਕਟ ਦੀ ਗਊਸ਼ਾਲਾ ‘ਚ ਤੇਜੀ ਨਾਲ ਭੇਜਣੇ ਜਾਰੀ
ਪਟਿਆਲਾ , 9 ਜਨਵਰੀ | ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਅਬਲੋਵਾਲ ਸਥਿਤ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਵਿਖੇ ਬਣਾਈ ਗਈ ਗਊਸ਼ਾਲਾ ਸ਼ੁਰੂ ਹੋ ਚੁੱਕੀ ਹੈ ਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਸ਼ਹਿਰ ‘ਚ ਸੜਕਾਂ ਤੇ ਗਲੀਆਂ ‘ਚ ਘੁੰਮਦੇ ਅਵਾਰਾ ਫੜਕੇ ਤੇਜੀ ਨਾਲ ਇਸ ਗਊਸ਼ਾਲਾ ਵਿਖੇ ਭੇਜਣੇ ਜਾਰੀ ਹਨ। ਇਹ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਗਊਸ਼ਾਲਾ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉੁਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਿਗਮ ਦੇ ਸਕੱਤਰ ਸੁਨੀਲ ਮਹਿਤਾ ਤੇ ਕ੍ਰਿਸ਼ਨ ਕੱਕੜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਗਊਆਂ ਤੇ ਹੋਰ ਦੁਧਾਰੂ ਪਸ਼ੂ ਰੱਖਣ ਵਾਲਿਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਦੁੱਧ ਚੋਅ ਕੇ ਬਾਹਰ ਸੜਕਾਂ ਤੇ ਗਲੀਆਂ ਵਿੱਚ ਨਾ ਛੱਡਣ ਅਤੇ ਜੇਕਰ ਅਜਿਹਾ ਪਾਇਆ ਗਿਆ ਤਾਂ ਜਿੱਥੇ ਇਨ੍ਹਾਂ ਪਸ਼ੂਆਂ ਨੂੰ ਨਗਰ ਨਿਗਮ ਟੀਮ ਵੱਲੋਂ ਗਊਸ਼ਾਲਾ ਵਿੱਚ ਪਹੁੰਚਾ ਕੇ ਵਾਪਸ ਨਹੀਂ ਕੀਤਾ ਜਾਵੇਗਾ ਉਥੇ ਹੀ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਗਊਸ਼ਾਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਰਾਹੀਂ ਬਿਹਤਰੀਨ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਗਊਸ਼ਾਲਾ ਦੇ ਚੱਲਣ ਨਾਲ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਕਾਫੀ ਹੱਦ ਤੱਕ ਘੱਟ ਜਾਵੇਗੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਬਹੁਤ ਜਲਦ ਇਸ ਉਪਰ ਕਾਬੂ ਪਾ ਲਿਆ ਜਾਵੇਗਾ, ਕਿਉੰਕਿ ਨਗਰ ਨਿਗਮ ਵਲੋੰ ਗਾਜੀਪੁਰ ਗਊਸ਼ਾਲਾ ਵਿਖੇ ਤਿੰਨ ਸ਼ੈਡ ਵੀ ਉਸਾਰੇ ਜਾ ਰਹੇ ਹਨ।ਇਸ ਨਾਲ ਇੱਕ ਪਾਸੇ ਜਿੱਥੇ ਇਹ ਪਸ਼ੂ ਇਸ ਠੰਢ ਵਿੱਚ ਸਰਦੀ ਤੋਂ ਬਚ ਸਕਣਗੇ ਉਥੇ ਹੀ ਲੋਕਾਂ ਨੂੰ ਵੀ ਇਨ੍ਹਾਂ ਕਰਕੇ ਹੁੰਦੇ ਹਾਦਸਿਆਂ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਸ਼ਹਿਰ ਵਾਸੀਆਂ ਤੇ ਖਾਸ ਕਰਕੇ ਗਊ ਤੇ ਪਸ਼ੂ ਪ੍ਰੇਮੀਆਂ ਨੂੰ ਸੱਦਾ ਦਿੱਤਾ ਕਿ ਉਹ ਅਬਲੋਵਾਲ ਗਊਸ਼ਾਲਾ ਵਿਖੇ ਅਪਣੀ ਸ਼ਰਧਾ ਮੁਤਾਬਕ ਗਊ ਸੇਵਾ ਕਰ ਸਕਦੇ ਹਨ।
*****
ਫੋਟੋ ਕੈਪਸ਼ਨ:
ਪਟਿਆਲਾ ਵਿਖੇ ਅਬਲੋਵਾਲ ਸਥਿਤ ਗੁਰੂ ਨਾਨਕ ਡੇਅਰੀ ਪ੍ਰਾਜੈਕਟ ‘ਚ ਸ਼ੁਰੂ ਕੀਤੀ ਗਈ ਗਊਸ਼ਾਲਾ ਵਿਖੇ ਭੇਜਣ ਲਈ ਨਗਰ ਨਿਗਮ ਦੇ ਕਰਮਚਾਰੀ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਨੂੰ ਫੜਦੇ ਹੋਏ।