ਵਿਸ਼ਵ ਕੱਪ ਟਰਾਫੀ ’ਤੇ ਪੈਰ ਚੜ੍ਹਾ ਕੇ ਬੈਠਣ ਲਈ ਮਿਸ਼ੇਲ ਮਾਰਸ਼ ਵਿਰੁਧ ‘FIR’ ਦਾਇਰ

ਆਸਟ੍ਰੇਲੀਆ , 24 ਨਵੰਬਰ | ਆਸਟ੍ਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਵਲੋਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ 50 ਓਵਰਾਂ ਦੀ ਵਿਸ਼ਵ ਕੱਪ ਟਰਾਫੀ ’ਤੇ ਅਪਣੇ ਪੈਰ ਰੱਖ ਦੇ ਬੈਠਣ ਦੇ ਸਟੰਟ ਨੇ ਉਸ ਨੂੰ ਗੰਭੀਰ ਮੁਸੀਬਤ ਵਿਚ ਪਾ ਦਿਤਾ ਹੈ ਕਿਉਂਕਿ ਰੀਪੋਰਟਾਂ ਅਨੁਸਾਰ ਉਸ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਪੰਡਿਤ ਕੇਸ਼ਵ ਨਾਂ ਦੇ ਇਕ ਆਈ.ਟੀ.ਆਰ. ਕਾਰਕੁਨ ਨੇ ਕਥਿਤ ਤੌਰ ’ਤੇ ਦਿੱਲੀ ਗੇਟ ਪੁਲਿਸ ਸਟੇਸ਼ਨ ’ਚ ਪਛਮੀ ਆਸਟ੍ਰੇਲੀਆ ਵਾਸੀ ਮਾਰਸ਼ ਵਿਰੁਧ ਐਫ.ਆਈ.ਆਰ. ਦਰਜ ਕਰਵਾਈ ਹੈ, ਜਿਸ ’ਚ ਮਾਰਸ਼ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਤੇਜ਼ ਗੇਂਦਬਾਜ਼ ਆਲਰਾਊਂਡਰ ਵਿਰੁਧ ਕਥਿਤ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਨੇ ਅਪਣੇ ਪੈਰ ਵਿਸ਼ਵ ਕੱਪ ਟਰਾਫੀ ’ਤੇ ਰੱਖ ਕੇ ਜਾਣਬੁੱਝ ਕੇ 140 ਕਰੋੜ ਭਾਰਤੀਆਂ ਦਾ ਅਪਮਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਦੇ ਆਧਾਰ ’ਤੇ ਐਫ.ਆਈ.ਆਰ. ਦਰਜ ਕਰ ਲਈ ਹੈ।

ਅਪਣੀ ਸ਼ਿਕਾਇਤ ’ਚ ਆਈ.ਟੀ.ਆਰ. ਕਾਰਕੁਨ ਨੇ ਮਾਰਸ਼ ਨੂੰ ਭਾਰਤ ’ਚ ਅੱਗੇ ਤੋਂ ਖੇਡਣ ’ਤੇ ਵੀ ਪਾਬੰਦੀ ਲਾਉਣ ਲਈ ਕਿਹਾ ਹੈ ਅਤੇ ਇਸ ਦੀ ਇਕ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਭੇਜੀ ਹੈ। ਐਫ.ਆਈ.ਆਰ. ਦਰਜ ਕੀਤੇ ਜਾਣ ਦੇ ਨਾਲ 32 ਸਾਲ ਦੇ ਇਕ ਕ੍ਰਿਕੇਟ ਖਿਡਾਰੀ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ।

ਮਾਰਸ਼ ਨੇ ਵਿਸ਼ਵ ਕੱਪ ਅਪਣੀ ਟੀਮ ਲਈ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਪਾਕਿਸਤਾਨ ਤੇ ਬੰਗਲਾਦੇਸ਼ ਵਿਰੁਧ ਸੈਂਕੜੇ ਜੜੇ ਸਨ। ਇਸ ਤਾਕਤਵਰ ਆਲਰਾਊਂਡਰ ਨੂੰ ਭਾਰਤ ਪਰਤਣ ਤੋਂ ਪਹਿਲਾਂ ਅਪਣੇ ਦਾਦਾ ਜੀ ਦੀ ਮੌਤ ਕਾਰਨ ਟੂਰਨਾਮੈਂਟ ਦੇ ਅੱਧ ਵਿਚਾਲੇ ਵਾਪਸ ਘਰ ਪਰਤਣਾ ਪਿਆ ਸੀ। ਉਸ ਨੇ 10 ਮੈਚਾਂ ਵਿੱਚ 49 ਦੀ ਔਸਤ ਨਾਲ 441 ਦੌੜਾਂ ਬਣਾਈਆਂ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਫ਼ਾਈਨਲ ਮੈਚ ਆਸਟਰੇਲੀਆ ਲਈ ਯਾਦਗਾਰ ਸਾਬਤ ਹੋਇਆ ਸੀ, ਜਿਸ ’ਚ ਭਾਰਤ ਨੂੰ ਪਸੰਦੀਦਾ ਵਿਸ਼ਵ ਕੱਪ ਜੇਤੂ ਟੀਮ ਦੇ ਰੂਪ ’ਚ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਮਹਿਮਾਨ ਟੀਮ ਨੇ ਉਸ ਦਿਨ ਅਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੇਜ਼ਬਾਨਾਂ ਨੂੰ ਹਰਾਉਣ ਲਈ ਹਰ ਪੱਖੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਟ੍ਰੈਵਿਸ ਹੀਡ ਨੇ 241 ਦੌੜਾਂ ਦਾ ਪਿੱਛਾ ਕਰਦੇ ਹੋਏ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਸਟਰੇਲੀਆ ਦੇ ਨਾਂ ਛੇਵਾਂ ਖਿਤਾਬ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਇਆ।

About The Author