ਜੋਗਿੰਦਰ ਮਾਨ ਨੇ ਫਗਵਾੜਾ ਦੇ ਸਿਵਲ ਹਸਪਤਾਲ ਨੂੰ ਟਰਾਮਾ ਸੈਂਟਰ ਵਰਗੀਆਂ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
– ਕਿਹਾ ਕਿ ਮੇਰੇ ਲਈ ਇਕ ਸੁਪਨਾ ਸਾਕਾਰ ਹੋਇਆ ਹੈ ਕਿਉਂਕਿ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ
ਫਗਵਾੜਾ, 28 ਜੂਨ 2022 : ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਫਗਵਾੜਾ ਦੇ ਸਿਵਲ ਹਸਪਤਾਲ ਨੂੰ ਟਰੌਮਾ ਸੈਂਟਰ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਸ. ਜੋਗਿੰਦਰ ਸਿੰਘ ਮਾਨ ਨੇ ਅੱਜ ਕਿਹਾ ਕਿ ਇਹ ਫਗਵਾੜਾ ਦੇ ਲੋਕਾਂ ਲਈ ਮੁੱਖ ਮੰਤਰੀ ਵੱਲੋਂ ਬਹੁਤ ਹੀ ਉਡੀਕਿਆ ਗਿਆ ਤੋਹਫਾ ਹੈ।
ਸ: ਮਾਨ, ਜਿਨ੍ਹਾਂ ਨੇ ਇਸ ਮੁੱਦੇ ਨੂੰ ਮੁੱਖ ਮੰਤਰੀ ਕੋਲ ਉਠਾਇਆ ਸੀ, ਨੇ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਸ. ਮਾਨ ਨੇ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਨੂੰ ਟਰਾਮਾ ਸੈਂਟਰ ਵਿੱਚ ਅਪਗ੍ਰੇਡ ਕਰਨਾ ਉਨ੍ਹਾਂ ਦਾ ਇੱਕ ਵੱਡਾ ਚੋਣ ਵਾਅਦਾ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਲੋਕਾਂ ਨੂੰ ਇਸ ਸਹੂਲਤ ਦੀ ਸਖ਼ਤ ਲੋੜ ਹੈ। ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਇਕ ਸੁਪਨਾ ਸਾਕਾਰ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਨੇ ਸਰਕਾਰ ਬਣਨ ਦੇ ਮਹਿਜ਼ 100 ਦਿਨਾਂ ਦੇ ਅੰਦਰ ਪੰਜਾਬ ਵਿਧਾਨ ਸਭਾ ਵਿਚ ਇਸ ਸਹੂਲਤ ਦਾ ਐਲਾਨ ਕਰ ਦਿੱਤਾ ਹੈ।
ਸ. ਮਾਨ ਨੇ ਕਿਹਾ ਕਿ ਉਹਨਾਂ ਨੇ ਸਾਲ 1985 ਵਿੱਚ ਫਗਵਾੜਾ ਤੋਂ ਆਪਣੀ ਪਹਿਲੀ ਚੋਣ ਲੜੀ ਸੀ ਅਤੇ ਉਸ ਸਮੇਂ ਇਹ ਹਸਪਤਾਲ ਸਿਰਫ 30 ਬਿਸਤਰਿਆਂ ਵਾਲਾ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਬੇਨਤੀ ‘ਤੇ ਪੰਜਾਬ ਦੇ ਤਤਕਾਲੀ ਰਾਜਪਾਲ ਸ੍ਰੀ ਐਸ.ਐਸ.ਰੇਅ ਨੇ ਇਸ ਹਸਪਤਾਲ ਨੂੰ 100 ਬਿਸਤਰਿਆਂ ਵਾਲੇ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ ਜੋ ਫਗਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਵੱਡੀ ਰਾਹਤ ਸੀ। ਸਾਬਕਾ ਮੰਤਰੀ ਨੇ ਕਿਹਾ ਕਿ ਉਹ ਮੌਜੂਦਾ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਲਗਾਤਾਰ ਯਤਨ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਨੂੰ ਇਸ ਵਿਚ ਸਫਲਤਾ ਮਿਲੀ ਹੈ।
ਉਨ੍ਹਾਂ ਕਿਹਾ ਕਿ ਕਿਉਂਕਿ ਸ਼ਹਿਰ ਵਿੱਚ ਵਾਹਨਾਂ ਦੀ ਆਵਾਜਾਈ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਕਈ ਹਾਦਸੇ ਵਾਪਰ ਰਹੇ ਹਨ, ਇਸ ਲਈ ਟਰਾਮਾ ਸੈਂਟਰ ਸਮੇਂ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਟਰੌਮਾ ਸੈਂਟਰ ਤੋਂ ਇਲਾਵਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ ਜੱਚਾ ਅਤੇ ਬੱਚਾ ਸੰਭਾਲ ਕੇਂਦਰ ਫਗਵਾੜਾ ਵਾਸੀਆਂ ਨੂੰ ਸਮਰਪਿਤ ਕਰੇਗੀ, ਜੋ ਕਿ ਲਗਭਗ ਤਿਆਰ ਹੈ।