ਮਾਪਿਆਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਲਈ ਫ਼ੋਨ ‘ਤੇ ਐਸ.ਐਮ.ਐਸ ਅਲਰਟ ਮਿਲੇਗਾ

0

–   ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਪਿਆਂ ਨੂੰ ਟੀਕਾਕਰਨ ਦੀ ਸਮਾਂ-ਸਾਰਣੀ ਬਾਰੇ ਯਾਦ ਕਰਵਾਉਣ ਵਾਲੀ ਆਟੋਮੈਟਿਕ ਸਹੂਲਤ ਦੀ ਸ਼ੁਰੂਆਤ

ਚੰਡੀਗੜ੍ਹ, 28 ਮਈ  2022  :   ਸੂਬੇ ਭਰ ਦੇ ਬੱਚਿਆਂ ਦਾ ਲਾਜ਼ਮੀ ਟੀਕਾਕਰਨ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 0 ਤੋਂ 5 ਸਾਲ ਦੀ ਉਮਰ ਦੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਮੋਬਾਈਲ ਫੋਨਾਂ ‘ਤੇ ਟੀਕਾਕਰਨ ਲਈ ਦੀ ਸਮਾਂ-ਸਾਰਣੀ ਬਾਰੇ ਸੰਦੇਸ਼ ਭੇਜਣ ਦੀ ਸ਼ੁਰੂਆਤ ਕੀਤੀ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਵੱਡੇ ਕਾਰਜ ਨੂੰ ਇੱਕ ਮੁਹਿੰਮ ਵਜੋਂ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੀਕਾਕਰਨ ਦੀ ਸਮਾਂ-ਸਾਰਣੀ ਅਤੇ ਨਜ਼ਦੀਕੀ ਟੀਕਾਕਰਨ ਕੇਂਦਰ ਦੇ ਵੇਰਵਿਆਂ ਵਾਲਾ ਸੁਨੇਹਾ ਮਾਪਿਆਂ ਦੇ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਆਪਣੇ ਆਪ ਭੇਜ ਦਿੱਤਾ ਜਾਇਆ ਕਰੇਗਾ। ਇਹ ਸਹੂਲਤ ਪੰਜਾਬ ਦੀ ਟੀਕਾਕਰਨ ਸਥਿਤੀ ਨੂੰ ਸੁਧਾਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

ਇਸ ਸਹੂਲਤ ਦੀ ਰੂਪ ਰੇਖਾ ਬਾਰੇ ਗੱਲ ਕਰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਆਟੋਮੈਟਿਕ ਅਲਰਟ ਸਹੂਲਤ ਦੋਭਾਸ਼ੀ ਭਾਸ਼ਾ (ਪੰਜਾਬੀ ਅਤੇ ਅੰਗਰੇਜ਼ੀ) ਵਿੱਚ ਉਪਲਬਧ ਹੋਵੇਗੀ। ਇਸ ਸਹੂਲਤ ਦਾ ਉਦੇਸ਼ ਸਾਰੇ ਮਾਪਿਆਂ (ਪੰਜਾਬ ਦੇ ਨਾਗਰਿਕ) ਨੂੰ ਉਨ੍ਹਾਂ ਦੇ ਬੱਚਿਆਂ ਦੇ ਸਮੇਂ ਸਿਰ ਟੀਕਾਕਰਨ ਲਈ ਜਾਗਰੂਕ ਕਰਨਾ ਅਤੇ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਬੱਚਿਆਂ ਦੇ ਟੀਕਾਕਰਨ (31 ਟੀਕਿਆਂ) ਦੀ ਸਮਾਂ-ਸਾਰਣੀ ਦੀ ਨਿਗਰਾਨੀ ਕਰਨਾ ਅਤੇ ਪਤਾ ਲਗਾਉਣਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸਹੂਲਤ ਰਾਹੀਂ 4 ਲੱਖ ਤੋਂ ਵੱਧ ਰਜਿਸਟਰਡ ਜਨਮਾਂ ਦੇ ਮੌਜੂਦਾ ਸਾਲ ਦੇ ਅੰਕੜਿਆਂ ਨੂੰ ਕਵਰ ਕੀਤਾ ਜਾਵੇਗਾ ਅਤੇ ਅਗਲੇ 5 ਸਾਲਾਂ (ਪੂਰੀ ਟੀਕਾਕਰਨ ਉਮਰ) ਲਈ ਉਨ੍ਹਾਂ ਦੇ ਟੀਕਾਕਰਨ ‘ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।

ਬੁਲਾਰੇ ਨੇ ਦੱਸਿਆ ਕਿ ਇਹ ਸਹੂਲਤ ਪੰਜਾਬ ਰਾਜ ਵਿੱਚ ਰਜਿਸਟਰਡ ਜਨਮਾਂ ਦੇ ਅੰਕੜਿਆਂ (ਈ-ਸੇਵਾ) ਨਾਲ ਲਿੰਕ ਕੀਤੀ ਗਈ ਹੈ। ਜਿਕਰਯੋਗ ਹੈ ਕਿ ਟੀਕਾਕਰਨ ਰੀਮਾਈਂਡਰ ਸੇਵਾਵਾਂ ਅਨੇਕਾਂ ਦੇਸ਼ਾਂ ਵਿੱਚ ਟੀਕਾਕਰਨ ਨੂੰ 20 ਫੀਸਦੀ ਤੱਕ ਵਧਾਉਣ ਵਿੱਚ ਪ੍ਰਭਾਵਸ਼ਾਲੀ ਰਹੀਆਂ ਹਨ ਅਤੇ ਅਜਿਹੇ ਬਹੁਤ ਸਾਰੇ ਵਿਗਿਆਨਕ ਅਧਿਐਨ ਹਨ ਜਿੰਨਾਂ ਨੇ ਟੀਕਾਕਰਨ ਰੀਮਾਈਂਡਰ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਇਆ ਹੈ।

ਇਸ ਸਹੂਲਤ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਤੇਜਵੀਰ ਸਿੰਘ, ਸਕੱਤਰ ਸਿਹਤ ਡਾ. ਅਜੋਏ ਸ਼ਰਮਾ ਅਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed