ਮੰਗ ਵਧਣ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਨਿਰਵਿਘਨ ਬਿਜਲੀ ਸਪਲਾਈ ਦੇ ਰਿਹਾ   :   ਬਿਜਲੀ ਮੰਤਰੀ

0

ਚੰਡੀਗੜ੍ਹ, 14   ਮਈ   2022  :  ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਦੱਸਿਆ ਕਿ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਹੋਣ ਦੇ ਬਾਵਜੂਦ ਪੀ.ਐਸ.ਪੀ.ਸੀ.ਐਲ. ਸੂਬੇ ਵਿੱਚ ਖਪਤਕਾਰਾਂ ਦੇ ਸਾਰੇ ਵਰਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਮਹੀਨੇ ਤੋਂ ਤਾਪਮਾਨ ਤੇਜ਼ੀ ਨਾਲ ਵਾਧਣ ਕਰਕੇ ਬਿਜਲੀ ਦੀ ਮੰਗ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਪਰੈਲ 2022 ਦੌਰਾਨ ਪੀਐਸਪੀਸੀਐਲ ਨੇ 10000 ਮੈਗਾਵਾਟ ਦੀ ਪੀਕ ਬਿਜਲੀ ਮੰਗ ਨੂੰ ਪੂਰਾ ਕੀਤਾ ਹੈ ਜੋ ਕਿ ਅਪ੍ਰੈਲ 2021 ਨਾਲੋਂ 46 ਫੀਸਦ ਵੱਧ ਸੀ। ਮਈ 2022 ਵਿੱਚ ਬਿਜਲੀ ਦੀ ਇਹ ਅਸਾਧਾਰਨ ਮੰਗ ਨਿਰੰਤਰ ਜਾਰੀ ਹੈ ਅਤੇ ਪੀਐਸਪੀਸੀਐਲ ਦੁਆਰਾ 10900 ਮੈਗਾਵਾਟ ਦੀ ਪੀਕ ਮੰਗ ਪੂਰੀ ਕੀਤੀ ਗਈ ਹੈ ਜੋ ਕਿ ਮਈ 2021 ਨਾਲੋਂ 60 ਫੀਸਦ ਤੋਂ ਵੱਧ ਹੈ। ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਖਪਤਕਾਰਾਂ ਦੀ ਕਿਸੇ ਵੀ ਸ਼੍ਰੇਣੀ `ਤੇ ਕੋਈ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ ਅਤੇ ਖੇਤੀ ਮੋਟਰਾਂ ਨੂੰ ਵੀ ਨਿਰਧਾਰਤ ਸਮੇਂ ਅਨੁਸਾਰ ਸਪਲਾਈ ਦਿੱਤੀ ਜਾ ਰਹੀ ਹੈ।

ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੰਚ ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਜੀਐਚਟੀਪੀ ਲਹਿਰਾ ਮੁਹੱਬਤ ਦੇ ਇੱਕ ਯੂਨਿਟ, ਜਿਸਨੂੰ ਤਕਨੀਕੀ ਖਰਾਬੀ ਕਾਰਨ ਬੀਤੀ ਰਾਤ ਬੰਦ ਕਰ ਦਿੱਤਾ ਗਿਆ ਹੈ, ਨੂੰ ਛੱਡ ਕੇ ਸੂਬੇ ਦੇ ਸਾਰੇ ਥਰਮਲ ਯੂਨਿਟ ਚੱਲ ਰਹੇ ਹਨ। ਰਾਜਪੁਰਾ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਸਾਲਾਨਾ ਓਵਰਹਾਲਿੰਗ ਲਈ ਬੰਦ ਟੀ.ਐਸ.ਪੀ.ਐਲ. ਦੀ 660 ਮੈਗਾਵਾਟ ਵਾਲੀ ਤੀਜੀ ਯੂਨਿਟ ਅੱਜ ਸ਼ਾਮ ਤੋਂ ਉਤਪਾਦਨ ਸ਼ੁਰੂ ਕਰ ਦੇਵੇਗੀ। ਜੀ.ਜੀ.ਐਸ.ਐਸ.ਟੀ.ਪੀ. ਰੋਪੜ ਦੇ ਸਾਰੇ ਚਾਰ ਯੂਨਿਟ ਉਪਲਬਧ ਹਨ ਅਤੇ ਅਗਾਮੀ ਝੋਨੇ ਦੇ ਸੀਜ਼ਨ ਵਾਸਤੇ ਕੋਲੇ ਦੀ ਸੰਭਾਲ ਲਈ ਇੱਕ ਯੂਨਿਟ ਸਟੈਂਡਬਾਏ `ਤੇ ਹੈ ਕਿਉਂਕਿ ਐਕਸਚੇਂਜ ਵਿੱਚ ਮੁਕਾਬਲਤਨ ਸਸਤੀ ਬਿਜਲੀ ਉਪਲਬਧ ਹੈ। ਇਸ ਤੋਂ ਇਲਾਵਾ ਜੀ.ਐਚ.ਟੀ.ਪੀ. ਲਹਿਰਾ ਮੁਹੱਬਤ ਦੇ ਦੋ ਯੂਨਿਟ ਇਸ ਸਮੇਂ ਚੱਲ ਰਹੇ ਹਨ ਅਤੇ ਇੱਕ ਯੂਨਿਟ ਸਟੈਂਡਬਾਏ `ਤੇ ਹੈ।

ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਹਿਰਾ ਮੁਹੱਬਤ ਦੇ 210 ਮੈਗਾਵਾਟ ਵਾਲੇ ਯੂਨਿਟ ਨੰਬਰ 2 ਦੇ ਇਲੈਕਟ੍ਰੋਸਟੈਟਿਕ ਪ੍ਰੈਸੀਪੀਟੇਟਰਜ਼ ਵਿੱਚ ਤਕਨੀਕੀ ਖਰਾਬੀ ਆ ਗਈ, ਜਿਸ ਉਪਰੰਤ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਨੇ ਮੌਕੇ `ਤੇ ਜਾਇਜ਼ਾ ਲੈਣ ਲਈ ਪਲਾਂਟ ਦਾ ਦੌਰਾ ਕੀਤਾ।

ਚੰਡੀਗੜ੍ਹ ਤੋਂ ਬੀ.ਐਚ.ਈ.ਐਲ. ਇੰਜੀਨੀਅਰਾਂ ਦੀ ਟੀਮ ਵੀ ਸਾਈਟ `ਤੇ ਪਹੁੰਚ ਗਈ ਹੈ ਅਤੇ ਮੁੱਖ ਦਫਤਰ ਤੋਂ ਬੀ.ਐਚ.ਈ.ਐਲ. ਮਾਹਰ ਅਤੇ ਰਾਨੀਪੇਟ ਤੋਂ ਡਿਜ਼ਾਈਨ ਇੰਜੀਨੀਅਰ ਭਲਕੇ ਲਹਿਰਾ ਮੁਹੱਬਤ ਪਹੁੰਚ ਕੇ ਨੁਕਸਾਨ ਦਾ ਪਤਾ ਲਗਾਉਣਗੇ ਅਤੇ ਯੂਨਿਟ ਨੂੰ ਜਲਦੀ ਤੋਂ ਜਲਦੀ ਮੁੜ ਚਾਲੂ ਕਰਨ ਲਈ ਸਹਾਇਤਾ ਪ੍ਰਦਾਨ ਕਰਨਗੇ। ਮੰਤਰੀ ਨੇ ਕਿਹਾ ਕਿ ਖ਼ਰਾਬੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਕੇ ਉਸ ਉਪਰੰਤ ਢੁੱਕਵੀਂ ਕਾਰਵਾਈ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ।

ਬਿਜਲੀ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੀਐਸਪੀਸੀਐਲ ਯੂਨਿਟ ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਲਈ ਹਰ ਸੰਭਵ ਯਤਨ ਕਰੇਗਾ। ਪੀਐਸਪੀਸੀਐਲ ਨੂੰ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਵਿੱਚ ਲੋੜੀਂਦੇ ਕੋਲੇ ਅਤੇ ਬਿਜਲੀ ਲਈ ਢੁਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਸਾਡੇ ਅਧਿਕਾਰੀ ਕੇਂਦਰੀ ਬਿਜਲੀ ਅਤੇ ਕੋਲਾ ਮੰਤਰਾਲਿਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।

About The Author

Leave a Reply

Your email address will not be published. Required fields are marked *

You may have missed