ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਮੇਰੀ ਕਲਮ – ਮੇਰੀ ਤਾਕਤ’ ਪਹਿਲਕਦਮੀ ਤਹਿਤ ਲੋੜਵੰਦ ਬੱਚਿਆਂ ਨੂੰ ਵੰਡੀਆਂ 1 ਲੱਖ ਪੈਨਸਿਲਾਂ

0

–   ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੱਲੋਂ ਰੈੱਡ ਕਰਾਸ ਬਾਲ ਭਵਨ ਤੋਂ ਕੀਤਾ ਆਗਾਜ਼

ਲੁਧਿਆਣਾ, 28  ਅਪ੍ਰੈਲ  2022  :   ਜ਼ਿਲ੍ਹਾ ਪ੍ਰਸਾਸ਼ਨ ਲੁਧਿਆਣਾ ਵੱਲੋਂ ‘ਮੇਰੀ ਕਲਮ – ਮੇਰੀ ਤਾਕਤ’ ਪਹਿਲਕਦਮੀ ਤਹਿਤ ਵੱਖ-ਵੱਖ ਅਨਾਥ ਆਸ਼ਰਮਾਂ, ਝੁੱਗੀਆਂ ਆਦਿ ਵਿੱਚ ਰਹਿੰਦੇ ਲੋੜਵੰਦ ਬੱਚਿਆਂ ਨੂੰ ਲਗਭਗ 1 ਲੱਖ ਪੈਨਸਿਲਾਂ ਵੰਡੀਆਂ ਗਈਆਂ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਰੈੱਡ ਕਰਾਸ ਬਾਲ ਭਵਨ, ਸਰਾਭਾ ਨਗਰ, ਲੁਧਿਆਣਾ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੱਖ-ਵੱਖ ਅਨਾਥ ਆਸ਼ਰਮਾਂ ਅਤੇ ਝੁੱਗੀਆਂ-ਝੌਂਪੜੀਆਂ ਦਾ ਦੌਰਾ ਕੀਤਾ, ਜਿੱਥੇ ਵਸਦੇ ਲੋੜਵੰਦ ਬੱਚਿਆਂ ਨੂੰ ਇਹ ਪੈਨਸਿਲਾਂ ਵੰਡੀਆਂ ਗਈਆਂ।

ਸ੍ਰੀਮਤੀ ਸੁਰਭੀ ਮਲਿਕ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਡਾ. ਹਰਜਿੰਦਰ ਸਿੰਘ ਬੇਦੀ ਦੇ ਇਸ ਅਹਿਮ ਵਿਚਾਰ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਨੇਕ ਕਾਰਜ ਲਈ ਦਾਨ ਦੇਣ ਲਈ ਉੱਘੇ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ, ਜਗਦੀਸ਼ ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ ਅਤੇ ਹੋਰ ਦਾਨੀ ਸੱਜਣਾਂ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਉਨ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਬੱਚਿਆਂ ਨੂੰ ਮੁਸ਼ਕਿਲ ਹਾਲਾਤਾਂ ਵਿੱਚ ਵੀ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ।

ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਅਜਿਹੇ ਹੋਰ ਉਪਰਾਲੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਸਮਾਜ ਸੇਵੀ ਕੰਮਾਂ ਲਈ ਤਹਿਦਿਲੋਂ ਸਹਿਯੋਗ ਕਰਨ।

ਜ਼ਿਕਰਯੋਗ ਹੈ ਕਿ 26 ਅਪ੍ਰੈਲ, 2022 ਨੂੰ ‘ਵੇਸਟ ਵੈਲਥ – ਗਿਵ ਐਂਡ ਟੇਕ’ ਸਲੋਗਨ ਹੇਠ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਸ਼ੁਰੂ ਕੀਤੀ ਗਈ ਸੀ, ਜਿਸਦੇ ਤਹਿਤ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਦੇ ਦਰਵਾਜ਼ੇ ਦੇ ਬਾਹਰ ਇੱਕ ‘ਡੋਨੇਸ਼ਨ ਕਾਰਨਰ’ ਸਥਾਪਤ ਕੀਤਾ ਗਿਆ ਸੀ। ਇਸ ਡੋਨੇਸ਼ਨ ਕਾਰਨਰ ਵਿੱਚ, ਨਿਵਾਸੀ ਲੋੜਵੰਦ ਬੱਚਿਆਂ ਲਈ ਸਟੇਸ਼ਨਰੀ ਸਮਾਨ ਅਤੇ ਖਿਡੌਣੇ ਦਾਨ ਕਰ ਸਕਦੇ ਹਨ, ਜੋ ਅੱਗੇ ਜਰੂਰਤਮੰਦ ਬੱਚਿਆਂ ਨੂੰ ਵੰਡੇ ਜਾਣਗੇ।

ਇਸ ‘ਡੋਨੇਸ਼ਨ ਕਾਰਨਰ’ ਵਿੱਚ ‘ਸਟੇਸ਼ਨਰੀ ਏ.ਟੀ.ਐਮ. ਅਤੇ ‘ਖਿਡੋਣਿਆਂ ਵਾਲਾ ਬੈਂਕ’ ਸ਼ਾਮਲ ਹਨ। ‘ਸਟੇਸ਼ਨਰੀ ਏ.ਟੀ.ਐਮ. ਝੁੱਗੀ-ਝੌਂਪੜੀ ਵਿੱਚ ਰਹਿੰਦੇ ਬੱਚਿਆਂ, ਅਨਾਥ ਆਸ਼ਰਮਾਂ ਵਿੱਚ ਰਹਿਣ ਵਾਲੇ ਅਤੇ ਲੋੜਵੰਦ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਨਿਵਾਸੀ ਨਵੀਂ/ਪੁਰਾਣੀ ਸਟੇਸ਼ਨਰੀ ਵਸਤੂਆਂ ਜਿਵੇਂ ਕਿ ਪੈਨਸਿਲ, ਸ਼ਾਰਪਨਰ, ਇਰੇਜ਼ਰ, ਪੈਨ, ਰੰਗ, ਨੋਟਬੁੱਕ, ਰਜਿਸਟਰ, ਖਾਲੀ ਕਾਗਜ਼, ਬੱਚਿਆਂ ਦੀਆਂ ਕਿਤਾਬਾਂ ਆਦਿ ਦਾਨ ਕਰ ਸਕਦੇ ਹਨ।

‘ਸਟੇਸ਼ਨਰੀ ਏ.ਟੀ.ਐਮ. ਜ਼ਿਲ੍ਹਾ ਪ੍ਰਸ਼ਾਸਨ ਨੂੰ ਘਰਾਂ ਅਤੇ ਦਫ਼ਤਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ਹੁਨਰ ਹੱਟ ਲੁਧਿਆਣਾ ਵੱਲੋਂ ਇਹ ਸਾਰੀਆਂ ਵਸਤਾਂ ਇਕੱਠੀਆਂ ਅਤੇ ਸਾਫ਼ ਕੀਤੀਆਂ ਜਾਣਗੀਆਂ ਅਤੇ ਅੱਗੇ ਝੁੱਗੀ-ਝੌਂਪੜੀ ਵਿੱਚ ਰਹਿੰਦੇ ਬੱਚਿਆਂ, ਅਨਾਥ ਆਸ਼ਰਮਾਂ, ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਬੱਚਿਆਂ ਆਦਿ ਨੂੰ ਦਾਨ ਕੀਤੀਆਂ ਜਾਣਗੀਆਂ।

‘ਖਿਡੌਣੇ ਵਾਲਾ ਬੈਂਕ’ ਨਿਵਾਸੀਆਂ ਨੂੰ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਦੇ ਖਿਡੌਣੇ ਦਾਨ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ ਜੋ ਹੁਨਰ ਹੱਟ ਦੁਆਰਾ ਮੁਰੰਮਤ ਕਰਨ ਤੋਂ ਬਾਅਦ ਅੱਗੇ ਆਂਗਨਵਾੜੀ, ਝੁੱਗੀ-ਝੌਂਪੜੀ ਵਿੱਚ ਰਹਿੰਦੇ ਬੱਚਿਆਂ, ਅਨਾਥ ਆਸ਼ਰਮਾਂ ਦੇ ਬੱਚਿਆਂ ਅਤੇ ਹੋਰ ਲੋੜਵੰਦ ਬੱਚਿਆਂ ਨੂੰ ਦਾਨ ਕੀਤੇ ਜਾਣਗੇ। ਲੋੜਵੰਦ ਮਾਪੇ, ਦੇਖਭਾਲ ਕਰਨ ਵਾਲੇ ਆਦਿ ਵੀ ਇਹ ਖਿਡੌਣੇ ਲੋੜ ਪੈਣ ‘ਤੇ ਲੈ ਸਕਦੇ ਹਨ ਪਰ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਆਉਣਾ ਲਾਜ਼ਮੀ ਹੋਵੇਗਾ।

ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਲਬੀਰ ਐਰੀ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *