ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਾਹੁਣਚਾਰੀ ਵਿਭਾਗ ਦੇ ਕੰਮਕਾਜ ਦਾ ਲਿਆ ਜਾਇਜ਼ਾ
– ਗੁਣਵੱਤਾ, ਕੁਸ਼ਲਤਾ ਅਤੇ ਮਜ਼ਬੂਤ ਬੁਨਿਆਦੀ ਢਾਂਚੇ ‘ਤੇ ਦਿੱਤਾ ਜ਼ੋਰ
– 10ਵੀਂ, 6ਵੀਂ ਅਤੇ ਤੀਜੀ ਮੰਜ਼ਿਲ ਦੀਆਂ ਕੰਟੀਨਾਂ ਦਾ ਕੀਤਾ ਦੌਰਾ
– ਪ੍ਰਾਹੁਣਚਾਰੀ ਵਿਭਾਗ ਨੂੰ 11ਵੀਂ ਮੰਜ਼ਿਲ ਦੀ ਕੰਟੀਨ ਲਈ ਏਅਰ ਕੰਡੀਸ਼ਨ ਸਟੈਂਡਿੰਗ ਸਹੂਲਤ ਯਕੀਨੀ ਬਣਾਉਣ ਦੇ ਨਿਰਦੇਸ਼
ਚੰਡੀਗੜ੍ਹ, 27 ਅਪ੍ਰੈਲ 2022 : ਪ੍ਰਾਹੁਣਚਾਰੀ ਵਿਭਾਗ ਦੀ ਗੁਣਵੱਤਾ, ਕੁਸ਼ਲਤਾ, ਉਪਯੋਗਤਾ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਟਰਾਂਸਪੋਰਟ ਅਤੇ ਪ੍ਰਾਹੁਣਚਾਰੀ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪ੍ਰਾਹੁਣਚਾਰੀ ਵਿਭਾਗ ਦੇ ਪ੍ਰਬੰਧਕੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਭਵਨ ਅਤੇ ਪੰਜਾਬ, ਚੰਡੀਗੜ੍ਹ ਤੇ ਸ਼ਿਮਲਾ ਦੇ ਸਰਕਟ ਹਾਊਸਾਂ ਦੇ ਹਾਲਤ ਦਾ ਜਾਇਜ਼ਾ ਲਿਆ ਅਤੇ ਸੁਧਾਰ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ।
ਮੰਤਰੀ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਸਰਕਟ ਹਾਊਸ ਗੁਰਦਾਸਪੁਰ ਦੀ ਇਮਾਰਤ ਅਤੇ ਸਾਜੋ-ਸਮਾਨ ਵਿੱਚ ਕੀਤੇ ਵੱਡੇ ਨਿਵੇਸ਼ ਦੇ ਬਾਵਜੂਦ ਇਸ ਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਜਲਦ ਤੋਂ ਜਲਦ ਕਾਰਜਸ਼ੀਲ ਕਰਨ ਲਈ ਜ਼ਰੂਰੀ ਲੋੜਾਂ ਸਮੇਤ ਕਾਰਨਾਂ ਬਾਰੇ ਰਿਪੋਰਟ ਦੀ ਮੰਗ ਕੀਤੀ। ਮੰਤਰੀ ਵੱਲੋਂ ਇਹ ਵੀ ਨੋਟਿਸ ਗਿਆ ਕਿ ਸਿਡਰ ਹਾਊਸ ਸ਼ਿਮਲਾ ਦੀ ਲੰਬੇ ਸਮੇਂ ਤੋਂ ਮੁਰੰਮਤ ਚੱਲ ਰਹੀ ਹੈ ਅਤੇ ਇਹ ਅਜੇ ਵੀ ਮੁਕੰਮਲ ਨਹੀਂ ਹੋਈ। ਇਸ ਲਈ, ਡਾਇਰੈਕਟਰ ਪ੍ਰਾਹੁਣਚਾਰੀ ਨੂੰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਤੋਂ ਸਥਿਤੀ ਰਿਪੋਰਟ ਪ੍ਰਾਪਤ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸਿਡਰ ਰੈਸਟ ਹਾਊਸ ਸ਼ਿਮਲਾ ਦੀ ਵਾਧੂ ਜ਼ਮੀਨ ‘ਤੇ ਨਵੇਂ ਵਾਧੂ ਗੈਸਟ ਰੂਮ ਕੰਪਲੈਕਸ ਦੇ ਨਿਰਮਾਣ ਦੀ ਸੰਭਾਵਨਾ ਬਾਰੇ ਰਿਪੋਰਟ ਵੀ ਮੰਗੀ ਗਈ।
ਮੰਤਰੀ ਨੇ ਅੱਗੇ ਕਿਹਾ ਕਿ ਕੁਝ ਸਰਕਟ ਹਾਊਸ ਸੰਪਤੀਆਂ ਨੂੰ ਪੀਪੀਪੀ ਮਾਡਲ ਤਹਿਤ ਲਿਆਉਣ ਦੇ ਵਿਚਾਰ ਲਈ ਸੰਕਲਪ ਅਤੇ ਲੌਜਿਸਟਿਕਸ ਵੀ ਇਸ ਦੀ ਕਾਰਜਸ਼ੀਲਤਾ ਜਾਂ ਸਮੀਖਿਆ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ 1992-95 ਦੌਰਾਨ ਉਸਾਰੇ ਗਏ ਸਰਕਟ ਹਾਊਸ ਅੰਮ੍ਰਿਤਸਰ ਦੀ ਸੁਰੱਖਿਅਤ ਇਮਾਰਤ ਨੂੰ ਢਾਹੁਣ ਲਈ ਵੱਖਰੀ ਰਿਪੋਰਟ ਦੀ ਮੰਗ ਕੀਤੀ ਅਤੇ ਇਸ ਗੱਲ ਦੀ ਮੰਗ ਕੀਤੀ ਕਿ ਢਾਹੁਣ ਸਮੇਂ ਇਮਾਰਤ ਨੂੰ ਸੁਰੱਖਿਅਤ ਅਤੇ ਵਰਤੋਂ ਯੋਗ ਮੰਨਿਆ ਗਿਆ ਸੀ, ਇਸਦੇ ਬਾਵਜੂਦ ਵੀ ਇਮਾਰਤ ਨੂੰ ਕਿਉਂ ਢਾਹਿਆ ਗਿਆ? ਇਮਾਰਤ ਨੂੰ ਢਾਹੁਣ, ਨਵੀਂ ਇਮਾਰਤ ਦੀ ਉਸਾਰੀ ਅਤੇ ਇੱਕ ਨਿੱਜੀ ਕਾਰੋਬਾਰੀ ਕੰਪਨੀ ਨੂੰ ਲੰਬੇ ਸਮੇਂ ਲਈ ਕਿਰਾਏ ‘ਤੇ ਸੌਂਪਣ ਪਿੱਛੇ ਕੀ ਉਦੇਸ਼ ਸਨ? ਹੈਰੀਟੇਜ ਬਿਲਡਿੰਗ ਕੰਪਲੈਕਸ ਅੰਮ੍ਰਿਤਸਰ ਨੂੰ ਪ੍ਰਾਹੁਣਚਾਰੀ ਵਿਭਾਗ ਨੇ ਆਪਣੇ ਕੋਲ ਰੱਖਣਾ ਸੀ ਅਤੇ ਉਸ ਨੂੰ ਵੀ ਪ੍ਰਾਈਵੇਟ ਏਜੰਸੀ ਨੂੰ ਸੌਂਪਣ ਪਿੱਛੇ ਕੀ ਕਾਰਨ ਸਨ? ਇਸ ਤੋਂ ਇਲਾਵਾ ਅਧਿਕਾਰੀਆਂ ਤੋਂ ਸਾਰੇ ਸਰਕਟ ਹਾਊਸਾਂ ਦੇ ਕੰਮਕਾਜ, ਕਥਿਤ ਤੌਰ ‘ਤੇ ਉਨ੍ਹਾਂ ਨੂੰ ਪੀਪੀ ਮਾਡਲ ਅਧੀਨ ਲਿਆਉਣ ਦੀ ਪ੍ਰਕਿਰਿਆ ਅਧੀਨ ਉਨ੍ਹਾਂ ਦੀ ਸਥਿਤੀ ਬਾਰੇ ਵਿਸ਼ੇਸ਼ ਰਿਪੋਰਟ ਵੀ ਮੰਗ ਕੀਤੀ ਗਈ।
ਇਸ ਮੌਕੇ ਮੰਤਰੀ ਨੇ ਅਧਿਕਾਰੀਆਂ ਨਾਲ ਪੰਜਾਬ ਸਿਵਲ ਸਕੱਤਰੇਤ-1 ਦੀ 10ਵੀਂ, 6ਵੀਂ ਅਤੇ ਤੀਸਰੀ ਮੰਜ਼ਿਲ ‘ਤੇ ਸਥਿਤ ਕੰਟੀਨ ਕੰਪਲੈਕਸ ਦਾ ਵੀ ਦੌਰਾ ਕੀਤਾ ਤਾਂ ਜੋ ਇਥੇ ਖਾਣ-ਪੀਣ ਵਾਲੇ ਕਰਮਚਾਰੀਆਂ ਵੱਲੋਂ ਦਿੱਤੇ ਸੁਝਾਵਾਂ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਸਤਾਵਿਤ ਸੁਝਾਵਾਂ ਅਨੁਸਾਰ ਇਹਨਾਂ ਕੰਟੀਨਾਂ ਦੇ ਕੰਮਕਾਜ, ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਵਾਤਾਵਰਣ ਨੂੰ ਬਿਹਤਰ ਬਣਾਇਆ ਜਾ ਸਕੇ।
ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਕੰਟੀਨ ਦੀ ਇਮਾਰਤ ਦੀ ਮੁਰੰਮਤ ਦਾ ਕੰਮ ਜਨਰਲ ਪ੍ਰਸ਼ਾਸਨ ਵੱਲੋਂ ਏ.ਡੀ.ਓ.-1 ਦੇ ਤਾਲਮੇਲ ਨਾਲ ਸ਼ੁਰੂ ਕੀਤਾ ਗਿਆ ਸੀ ਪਰ ਯੂ.ਟੀ. ਪ੍ਰਸ਼ਾਸਨ, ਹੈਰੀਟੇਜ ਦਿਸ਼ਾ-ਨਿਰਦੇਸ਼ਾਂ ਵੱਲੋਂ ਲਗਾਈਆਂ ਕੁਝ ਰੋਕਾਂ ਕਾਰਨ ਮੁਰੰਮਤ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਕੰਟੀਨ ਵਿੱਚ ਸੰਭਾਵੀ ਸੁਧਾਰਾਂ ਲਈ ਸੰਸ਼ੋਧਿਤ ਯੋਜਨਾ ਅਜੇ ਤੱਕ ਨਹੀਂ ਬਣੀ। ਮੰਤਰੀ ਨੇ ਡਾਇਰੈਕਟਰ ਪ੍ਰਾਹੁਣਚਾਰੀ ਨੂੰ ਸਥਿਤੀ ਦੀ ਰਿਪੋਰਟ ਪ੍ਰਾਪਤ ਕਰਨ ਅਤੇ ਫਿਲਹਾਲ 11ਵੀਂ ਮੰਜ਼ਿਲ ਦੀ ਕੰਟੀਨ ਲਈ ਏਅਰ ਕੰਡੀਸ਼ਨ (ਸਟੈਂਡਿੰਗ) ਸਹੂਲਤ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ।
ਪ੍ਰਾਹੁਣਚਾਰੀ ਵਿਭਾਗ ਦੇ ਅਧਿਕਾਰੀਆਂ ਨੇ ਗੁਣਾਤਮਕ ਨਜ਼ਰੀਏ ਤੋਂ ਪ੍ਰਾਹੁਣਚਾਰੀ ਸੇਵਾਵਾਂ ਵਿੱਚ ਹੋਰ ਸੁਧਾਰ ਕਰਨ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਜਨਰਲ ਪ੍ਰਸ਼ਾਸਨ – ਪ੍ਰੋਟੋਕੋਲ ਰਜਤ ਅਗਰਵਾਲ, ਲੋਕ ਸੰਪਰਕ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਡਾਇਰੈਕਟਰ ਡਾ. ਸੁਮੀਤ ਜਾਰੰਗਲ, ਪ੍ਰਾਹੁਣਚਾਰੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਨਿਰਮਲ ਸਿੰਘ ਸੰਧੂ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਚਾਰ ਸਹਾਇਕ ਡਾਇਰੈਕਟਰ ਹਰਜਿੰਦਰ ਸਿੰਘ, ਆਰ.ਐਲ ਚੋਪੜਾ, ਸੁਸ਼ੀਲ ਕੁਮਾਰ, ਕੁਲਵੰਤ ਸਿੰਘ ਸਮੇਤ ਐਮ.ਟੀ.ਐਂਡ.ਐਚ ਸੰਦੀਪ ਪੁਰੀ ਦੇ ਓ.ਐਸ.ਡੀ. ਮੌਜੂਦ ਸਨ।