ਰੁਜ਼ਗਾਰ ਖੋਹਣਾ ਨਹੀਂ, ਰੁਜਗਾਰ ਦੇਣਾ ਹੈ ਸਾਡੀ ਸਰਕਾਰ ਦਾ ਮਕਸਦ : ਮੁੱਖ ਮੰਤਰੀ
ਮੁੱਖ ਮੰਤਰੀ ਨੇ ਜੁਗਾੜੂ ਵਾਹਨਾਂ ’ਤੇ ਰੋਕ ਲਗਾਉਣ ਸਬੰਧੀ ਹੁਕਮਾਂ ਬਾਰੇ ਅਧਿਕਾਰੀਆਂ ਨੂੰ ਲਾਈ ਫਟਕਾਰ
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਟਰਾਂਸਪੋਰਟ ਵਿਭਾਗ ਨੇ ਵਾਪਸ ਲਿਆ ਹੁਕਮ
ਚੰਡੀਗੜ, 24 ਅਪ੍ਰੈਲ 2022 : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਕੰਮ ਚਲਾਊ (ਜੁਗਾੜੂ) ਵਾਹਨਾਂ ‘ਤੇ ਪਾਬੰਦੀ ਲਗਾਉਣ ਸਬੰਧੀ ਜਾਰੀ ਕੀਤੇ ਹੁਕਮਾਂ ‘ਤੇ ਨਾਰਾਜ਼ਗੀ ਜਾਹਰ ਕੀਤੀ ਹੈ।
ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਤਲਬ ਕਰਕੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨਾਂ ਦੀ ਸਰਕਾਰ ਸਮਾਜ ਦੇ ਗਰੀਬ ਵਰਗਾਂ ਨੂੰ ਰੁਜ਼ਗਾਰ ਦੇਣ ਲਈ ਬਣੀ ਹੈ ਨਾ ਕਿ ਉਨਾਂ ਤੋਂ ਨੌਕਰੀਆਂ ਖੋਹਣ ਲਈ। ਭਗਵੰਤ ਮਾਨ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਅਧਿਕਾਰੀ ਇਸ ਵਿਵਾਦਤ ਹੁਕਮ ਨੂੰ ਵਾਪਸ ਲੈਣ ਅਤੇ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਅਜਿਹੀ ਕਿਸੇ ਵੀ ਕੁਤਾਹੀ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਭਗਵੰਤ ਮਾਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਐਤਵਾਰ ਦੁਪਹਿਰ 12 ਵਜੇ ਤਲਬ ਕਰਕੇ ਉਨਾਂ ਨੂੰ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਕਿਹਾ। ਉਨਾਂ ਨੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਵੀ ਮੀਟਿੰਗ ਕੀਤੀ ਅਤੇ ਉਨਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਹੁਕਮ ਵਾਪਸ ਲੈਣ ਲਈ ਕਿਹਾ। ਉਨਾਂ ਟਰਾਂਸਪੋਰਟ ਮੰਤਰੀ ਨੂੰ ਮਿਲਣ ਉਪਰੰਤ ਟਵੀਟ ਕੀਤਾ, “ਪੰਜਾਬ ਦੇ ਹਜ਼ਾਰਾਂ ਲੋਕ ਕੰਮ ਚਲਾਊ ਵਾਹਨਾਂ ਰਾਹੀਂ ਰੋਜੀ ਰੋਟੀ ਕਮਾਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ।
ਟਰਾਂਸਪੋਰਟ ਮੰਤਰੀ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੈਂ ਉਨਾਂ ਨੂੰ ਸਪੱਸ਼ਟ ਹਦਾਇਤ ਕੀਤੀ ਹੈ ਕਿ ਅਜਿਹੇ ਕਿਸੇ ਵੀ ਜੁਗਾੜੂ ਵਾਹਨ ‘ਤੇ ਪਾਬੰਦੀ ਨਾ ਲਾਈ ਜਾਵੇ। ਸਾਡੀ ਸਰਕਾਰ ਦਾ ਮੁੱਖ ਉਦੇਸ਼ ਸਾਰਿਆਂ ਨੂੰ ਰੁਜ਼ਗਾਰ ਦੇਣਾ ਹੈ ਨਾ ਕਿ ਖੋਹਣਾ।
ਜਿਕਰਯੋਗ ਹੈ ਕਿ ਏ.ਡੀ.ਜੀ.ਪੀ., ਟ੍ਰੈਫਿਕ ਨੇ 18 ਅਪ੍ਰੈਲ ਨੂੰ ਸੂਬੇ ਦੇ ਸਾਰੇ ਜ਼ਿਲਿਆਂ ਦੇ ਟ੍ਰੈਫਿਕ ਵਿੰਗ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਸੀ, ਕਿ ਮੇਕਸ਼ਿਫਟ (ਜੁਗਾੜੂ) ਵਾਹਨ ਪੁਰਾਣੇ ਦੋ-ਪਹੀਆ ਵਾਹਨਾਂ ਦੇ ਇੰਜਣਾਂ ਨਾਲ ਬਣਾਏ ਜਾਂਦੇ ਹਨ, ਜੋ ਨਾ ਤਾਂ ਰਜਿਸਟਰਡ ਹਨ ਅਤੇ ਨਾ ਹੀ ਉਨਾਂ ਦੀ ਕੋਈ ਨੰਬਰ ਪਲੇਟ ਹੁੰਦੀ ਹੈ। ਇਸ ਤਰਾਂ ਟਰਾਂਪੋਰਟ ਵਿਭਾਗ ਕੋਲ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੰੁਦਾ।
ਇਹ ਵਾਹਨ ਆਮ ਤੌਰ ‘ਤੇ ਸਮਾਨ ਦੀ ਢੋਅ-ਢੁਆਈ ਲਈ ਵਰਤੇ ਜਾਂਦੇ ਹਨ ਅਤੇ ਜ਼ਿਆਦਤਰ ਅਜਿਹੇ ਵਾਹਨਾਂ ਦੇ ਡਰਾਈਵਰਾਂ ਕੋਲ ਯੋਗ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੁੰਦਾ। ਇਹ ਵਾਹਨ ਸੜਕਾਂ ‘ਤੇ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹ ਮਾਮਲਾ ਜਿਉਂ ਹੀ ਮੁੱਖ ਮੰਤਰੀ ਦੇ ਧਿਆਨ ‘ਚ ਆਇਆ, ਉਨਾਂ ਨੇ ਤੁਰੰਤ ਟਰਾਂਸਪੋਰਟ ਵਿਭਾਗ ਤੋਂ ਰਿਪੋਰਟ ਮੰਗੀ ਅਤੇ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਤਲਬ ਕਰਕੇ ਹੁਕਮ ਵਾਪਸ ਲੈਣ ਦੇ ਨਿਰਦੇਸ਼ ਦਿੱਤੇ।