ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਕਿਤਾਬਾਂ ਅਤੇ ਖੇਡਾਂ ਲਾਜ਼ਮੀ – ਸੀ.ਪੀ
ਵਿਸ਼ਵ ਪੁਸਤਕ ਦਿਵਸ-2022 ਨੂੰ ਮਨਾਉਣ ਲਈ ਇੱਕ ਪੋਰਟਰੇਟ ਜਾਰੀ ਕੀਤਾ
ਜਲੰਧਰ, 23 ਅਪ੍ਰੈਲ 2022 : ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਤੂਰ ਨੇ ਅੱਜ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਲਈ ਪੜ੍ਹਨ ਅਤੇ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪੁਲਿਸ ਕਮਿਸ਼ਨਰ ਨੇ ਉੱਘੇ ਲੇਖਕ ਅਤੇ ਐਡਵੋਕੇਟ ਸ੍ਰੀ ਹਰਪ੍ਰੀਤ ਸੰਧੂ ਵੱਲੋਂ ਵਿਸ਼ਵ ਪੁਸਤਕ ਦਿਵਸ-2022 ਦੇ ਮੌਕੇ ‘ਤੇ ਤਿਆਰ ਕੀਤੀ ਤਸਵੀਰ ਨੂੰ ਲਾਂਚ ਕਰਦਿਆਂ ਕਿਹਾ ਕਿ ਕਿਤਾਬਾਂ ਅਤੇ ਖੇਡਾਂ ਮਨੁੱਖ ਦੇ ਸਭ ਤੋਂ ਚੰਗੇ ਦੋਸਤ ਹਨ ਕਿਉਂਕਿ ਦੋਵੇਂ ਉਹਨਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਸਿਹਤਮੰਦ ਜੀਵਨ ਲਈ ਖੇਡਾਂ ਦੀ ਲੋੜ ਹੈ, ਉਥੇ ਕਿਤਾਬਾਂ ਪੜ੍ਹਨ ਦੀ ਆਦਤ ਮਨੁੱਖ ਨੂੰ ਬਹੁਤ ਸਾਰਾ ਗਿਆਨ ਪ੍ਰਦਾਨ ਕਰਦੀ ਹੈ ਜੋ ਕਿ ਉਸ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ। ਸ੍ਰੀ ਤੂਰ ਨੇ ਕਿਹਾ ਕਿ ਇਹ ਦੋਵੇਂ ਚੀਜ਼ਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ, ਉੱਥੇ ਹੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਸਕਦੀ ਹੈ।
ਪੁਲਿਸ ਕਮਿਸ਼ਨਰ, ਜੋ ਕਿ ਖੁਦ ਪੜ੍ਹਨ ਦੇ ਸ਼ੌਕੀਨ ਅਤੇ ਉੱਘੇ ਲੇਖਕ ਹਨ, ਜਿਨ੍ਹਾਂ ਦੀਆਂ ਤਿੰਨ ਪੁਸਤਕਾਂ ਵੀ ਲਿਖੀਆਂ ਗਈਆਂ ਹਨ, ਨੇ ਅੱਗੇ ਕਿਹਾ ਕਿ ਗਿਆਨ ਦਾ ਭੰਡਾਰ ਹੋਣ ਦੇ ਨਾਲ-ਨਾਲ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਮਿੱਤਰ ਹੁੰਦੀਆਂ ਹਨ, ਉਨ੍ਹਾਂ ਕਿਹਾ ਕਿ ਇਹ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਯੁੱਗਾਂ ਤੋਂ ਪੁਸਤਕਾਂ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਜੀਵਨ ਦਾ ਰਾਹ ਵੀ ਦਿਖਾਉਂਦੀਆਂ ਹਨ। ਸ੍ਰੀ ਤੂਰ ਨੇ ਕਿਹਾ ਕਿ ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਜੀਵਨ ਵਿੱਚ ਉੱਤਮਤਾ ਹਾਸਲ ਕਰਨ ਦੇ ਨਾਲ-ਨਾਲ ਉਹ ਆਪਣੇ ਸ਼ਾਨਦਾਰ ਵਿਰਸੇ ਨਾਲ ਜੁੜੇ ਰਹਿਣ।
https://www.facebook.com/109153657928252/posts/364842839025998/?flite=scwspnss
https://www.instagram.com/tv/CcsLxzqhtKN/?igshid=YmMyMTA2M2Y=
ਪੁਲਿਸ ਕਮਿਸ਼ਨਰ ਨੇ ਵਿਸ਼ਵ ਪੁਸਤਕ ਦਿਵਸ ਮਨਾਉਣ ਲਈ ਪੋਰਟਰੇਟ ਤਿਆਰ ਕਰਨ ਦੀ ਪਹਿਲ ਕਦਮੀ ਕਰਨ ਲਈ ਉਘੇ ਵਕੀਲ ਐਡਵੋਕੇਟ ਸ੍ਰੀ ਹਰਪ੍ਰੀਤ ਸੰਧੂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਦਿਨ ਮਨਾਉਣ ਦਾ ਇਹ ਸਭ ਤੋਂ ਢੁੱਕਵਾਂ ਤਰੀਕਾ ਹੈ। ਸ੍ਰੀ ਤੂਰ ਨੇ ਅਜਿਹੇ ਸਾਰੇ ਯਤਨਾਂ ਲਈ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।
ਪੁਲਿਸ ਕਮਿਸ਼ਨਰ ਨੇ ਇਸ ਮੌਕੇ ਉਘੇ ਲੇਖਕਾਂ ਹਰਪ੍ਰੀਤ ਸੰਧੂ, ਡਾ: ਸੁਰਜੀਤ ਪਾਤਰ, ਪ੍ਰੋ: ਅਮਰਜੀਤ ਸਿੰਘ ਹੇਅਰ, ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਅਨੁਰਾਗ ਸਿੰਘ, ਟੀ.ਪੀ.ਐਸ. ਸੰਧੂ ਆਦਿ ਵੱਲੋਂ ਲਿਖੀਆਂ ਪੁਸਤਕਾਂ ਵੀ ਪੁਲਿਸ ਲਾਈਨਜ਼ ਲਾਇਬ੍ਰੇਰੀ ਵਿੱਚ ਰੱਖੀਆਂ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀਮਤੀ ਵਤਸਲਾ ਗੁਪਤਾ ਅਤੇ ਹੋਰ ਵੀ ਹਾਜ਼ਰ ਸਨ।