ਪ੍ਰਯਟਨ ਦੇ ਨਕਸ਼ੇ ਤੇ ਚਮਕੇਗਾ ਫਾਜਿ਼ਲਕਾ – ਹਰਜੋਤ ਸਿੰਘ ਬੈਂਸ
– ਫਾਜਿ਼ਲਕਾ ਵਿਰਾਸਤੀ ਮੇਲੇ ਵਿਚ ਕੈਬਨਿਟ ਮੰਤਰੀ ਨੇ ਕੀਤੀ ਸਿ਼ਰਕਤ
– ਲੋਕਾਂ ਨੂੰ ਸੈਰ ਸਪਾਟੇ ਲਈ ਸਮਾਂ ਕੱਢਣ ਦੀ ਕੀਤੀ ਅਪੀਲ
ਫਾਜਿ਼ਲਕਾ, 18 ਅਪ੍ਰੈਲ 2022 : ਪੰਜਾਬ ਦੇ ਕਾਨੂੰਨ ਤੇ ਵਿਧਾਨਕ ਮਾਮਲੇ, ਖਣਨ ਤੇ ਭੂਵਿਗਿਆਨ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਜ਼ੇਲ੍ਹ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਆਖਿਆ ਹੈ ਕਿ ਸੂੁਬੇ ਦੇ ਇਤਿਹਾਸਕ ਸ਼ਹਿਰ ਫਾਜਿ਼ਲਕਾ ਨੂੰ ਪ੍ਰ਼ਯਟਨ ਦੇ ਨਕਸੇ਼ ਤੇ ਧਰੂ ਤਾਰੇ ਵਾਂਗ ਚਮਕਾਇਆ ਜਾਵੇਗਾ ਅਤੇ ਇੱਥੋਂ ਦੀਆਂ ਇਤਿਹਾਸਕ ਇਮਾਰਤਾਂ ਦਾ ਕਾਇਆ ਕਲਪ ਕੀਤਾ ਜਾਵੇਗਾ।
ਉਹ ਐਤਵਾਰ ਦੀ ਰਾਤ ਇੱਥੇ ਗ੍ਰੈਜ਼ੁਏਟ ਵੇਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ 14ਵੇਂ ਫਾਜਿ਼ਲਕਾ ਵਿਰਾਸਤ ਮੇਲੇ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ, ਐਸਐਸਪੀ ਭੁਪਿੰਦਰ ਸਿੰਘ ਵੀ ਮੌਜ਼ੂਦ ਸਨ।
ਆਪਣੀ ਦਿਲ ਟੂੰਬਵੀਂ ਤਕਰੀਰ ਵਿਚ ਸ: ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੋਈ ਵੀ ਸ਼ਹਿਰ ਆਪਣੀਆਂ ਇਤਿਹਾਸਕ ਵਿਰਾਸਤਾਂ ਅਤੇ ਉਥੋਂ ਦੇ ਜਿੰਦਾਦਿਲ ਲੋਕਾਂ ਨਾਲ ਬਣਦਾ ਹੈ ਅਤੇ ਫਾਜਿ਼ਲਕਾ ਵਿਚ ਇਹ ਦੋਨੋਂ ਖੂਬੀਆਂ ਹਨ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਦਾ ਘੰਟਾ ਘਰ ਤੇ ਇਸਦੀਆਂ ਹੋਰ ਇਤਿਹਾਸਕ ਇਮਾਰਤਾਂ ਇਸ ਸ਼ਹਿਰ ਦੀ ਪਹਿਚਾਣ ਹਨ ਅਤੇ ਹੁਣ ਇਸ ਸ਼ਹਿਰ ਦੀ ਪ੍ਰਯਟਨ ਕੇਂਦਰ ਵਜੋਂ ਪੂਰੇ ਦੇਸ਼ ਵਿਚ ਪਹਿਚਾਣ ਬਣਾਈ ਜਾਵੇਗੀ। ਉਨ੍ਹਾਂ ਨੇ ਫਾਜਿ਼ਲਕਾ ਦੇ ਲੋਕਾਂ ਦੀ ਆਪਣੇ ਸ਼ਹਿਰ ਪ੍ਰਤੀ ਅਥਾਹ ਮੁਹੱਬਤ ਨੂੰ ਸਿਜਦਾ ਕੀਤਾ।
ਕੈਬਨਿਟ ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਜੀ ਭਰ ਕੇ ਜਿੰਦਗੀ ਜਿਉਣ ਦੀ ਚੇਟਕ ਲਗਾਉਂਦਿਆਂ ਉਨ੍ਹਾਂ ਨੂੰ ਜੀਵਨ ਦੇ ਕੁਝ ਪਲ ਸੈਰ ਸਪਾਟੇ ਨੂੰ ਸਮਰਪਿਤ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਲੋਕ ਪੰਜਾਬ ਦੇ ਬਾਕੀ ਜਿ਼ਲ੍ਹਿਆਂ ਦੀਆਂ ਸੈਰ ਸਪਾਟੇ ਵਾਲੀਆਂ ਥਾਂਵਾਂ ਤੇ ਘੁੰਮਣ ਲਈ ਜਰੂਰ ਜਾਣ, ਇਸ ਤਰਾਂ ਜਿੰਦਗੀ ਵਿਚ ਤਾਜਗੀ ਅਤੇ ਨਵੀਂ ਰਵਾਨਗੀ ਬਣੀ ਰਹੇਗੀ ਜ਼ੋ ਕਿ ਜੀਵਨ ਵਿਚ ਅੱਗੇ ਵੱਧਣ ਲਈ ਪ੍ਰੇਰਣਾ ਬਣੇਗੀ। ਗ੍ਰੈਜ਼ੁਏਟ ਵੇਲਫੇਅਰ ਐਸੋਸੀਏਸ਼ਨ ਵੱਲੋਂ ਕਰਵਾਏ ਚਾਰ ਦਿਨਾਂ ਵਿਰਾਸਤ ਮੇਲੇ ਦੇ ਰੰਗ ਵੇਖ ਕੇ ਕੈਬਨਿਟ ਮੰਤਰੀ ਨੇ ਐਸੋਸੀਏਸ਼ਨ ਦੀਆਂ ਵਿਰਾਸਤ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸਿ਼ਸਾਂ ਦੀ ਜ਼ੋਰਦਾਰ ਸਲਾਘਾ ਕੀਤੀ।
ਸਥਾਨਕ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਆਪਣੇ ਸੰਬੋਧਨ ਵਿਚ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਭ ਦੀ ਸਰਕਾਰ ਹੈ ਅਤੇ ਸਭ ਲਈ ਰਾਜਨੀਤੀ ਤੋਂ ਉਪਰ ਉਠ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਵੱਲੋਂ ਸ੍ਰੀ ਨਵਦੀਪ ਅਸੀਜਾ ਨੇ ਸਭ ਦਾ ਸਵਾਗਤ ਕੀਤਾ ਅਤੇ ਐਸੋਸੀਏਸ਼ਨ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਫਾਜਿ਼ਲਕਾ ਆਖਰੀ ਸ਼ਹਿਰ ਨਹੀਂ ਬਲਕਿ ਹਿੰਦੁਸਤਾਨ ਇੱਥੋਂ ਸ਼ੁਰੂ ਹੁੰਦਾ ਹੈ।
ਇਸ ਮੌਕੇ ਭਾਰਤੀ ਹਵਾਈ ਸੈਨਾ ਦੇ ਫਾਇਟਰ ਗਰੁੱਪ ਲੀਡਰ ਨੀਰਜ ਝਾਂਬ ਨੂੰ ਫਾਜਿ਼ਲਕਾ ਰਤਨ, ਸਮੀਰਾ ਕਮਰਾ ਅਤੇ ਪਲਕ ਯਾਦਵ ਨੂੰ ਫਾਜਿ਼ਲਕਾ ਯੂਥ ਆਇਕਨ ਅਵਾਰਡ ਨਾਲ ਨਿਵਾਜਿਆ ਗਿਆ।ਫਾਜਿ਼ਲਕਾ ਦੀ ਪਹਿਚਾਣ ਝੂਮਰ ਅਤੇ ਹੋਰ ਸਭਿਆਚਾਰਕ ਲੋਕ ਕਲਾਵਾਂ ਨੇ ਇਸ ਵਿਰਾਸਤੀ ਮੇਲੇ ਦੀ ਸ਼ਾਮ ਨੂੰ ਸ਼ਾਨਦਾਰ ਬਣਾ ਦਿੱਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼, ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਤਹਿਸੀਲਦਾਰ ਸ੍ਰੀ ਸ਼ੀਸਪਾਲ ਤੇ ਆਰਕੇ ਅਗਰਵਾਲ, ਸ੍ਰੀ ਕਰਨ ਗਿਲਹੋਤਰਾ, ਸ੍ਰੀ ਅਰੁਣ ਵਧਵਾ ਸਮੇਤ ਗੈ੍ਰਜੁਏਟ ਵੇਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
ਫਾਜਿ਼ਲਕਾ ਦਾ ਘੰਟਾਘਰ ਬਣੇਗਾ ਹੋਰ ਸ਼ਾਨਦਾਰ
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ: ਹਰਜੋਤ ਸਿੰਘ ਬੈਂਸ, ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਤੇ ਸ੍ਰੀ ਜਗਦੀਪ ਕੰਬੋਜ਼ ਗੋਲਡੀ ਅਤੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਫਾਜਿ਼ਲਕਾ ਦੇ 1939 ਵਿਚ ਬਣੇ ਘੰਟਾਘਰ ਦਾ ਦੌਰਾ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਐਲਾਣ ਕੀਤਾ ਕਿ ਇਸ ਪੂਰੇ ਕੰਪਲੈਕਸ ਨੂੰ ਵਿਰਾਸਤੀ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ ਤਾਂਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਇਹ ਇਕ ਪ੍ਰਯਟਨ ਦਾ ਸਥਾਨ ਬਣ ਸਕੇ ਅਤੇ ਫਾਜਿ਼ਲਕਾ ਦੇ ਲੋਕਾਂ ਦੀ ਇਹ ਵਿਰਾਸਤ ਲੋਕਾਂ ਲਈ ਹੋਰ ਵੀ ਮਾਣ ਦਾ ਕੇਂਦਰ ਬਣ ਕੇ ਉਭਰ ਸਕੇ।ਉਨ੍ਹਾਂ ਨੇ ਪਿੰਡ ਮੁਹਾਰ ਜਮਸੇਰ ਨੂੰ ਵੀ ਪ੍ਰਯ਼ਟਨ ਕੇਂਦਰ ਵਜੋਂ ਵਿਕਸਤ ਕਰਨ ਦੀਆਂ ਸੰਭਾਨਾਵਾਂ ਦਾ ਪਤਾ ਲਗਾਉਣ ਦੀ ਗੱਲ ਆਖੀ।