ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ‘ਪੜ੍ਹਦਾ ਪੰਜਾਬ’ ਮੁਹਿੰਮ ਦਾ ਸ਼ਾਨਦਾਰ ਆਗਾਜ਼
– ਐਸਐਸਪੀ ਵੱਲੋਂ ਆਰੰਭੀ ਲੋਕ ਸੇਵਾ ਦੀ ਮੁਹਿੰਮ ਬਣ ਰਹੀ ਲੋੜਵੰਦਾਂ ਲਈ ਵਰਦਾਨ
– ਰਾਇਸੀਲਾ ਗਰੁੱਪ ਕਰੇਗਾ ਸਰਕਾਰੀ ਸਕੂਲਾਂ ਦੇ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਸਕੂਲੀ ਫੀਸ ਦਾ ਭੁਗਤਾਨ
– ਐਸਐਸਪੀ ਅਤੇ ਚੇਅਰਮੈਨ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ
ਸੰਗਰੂਰ, 15 ਅਪ੍ਰੈਲ 2022 : ਐਸ.ਐਸ.ਪੀ. ਸੰਗਰੂਰ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਸ਼ੁਰੂ ਕੀਤੀ ਲੋਕ ਸੇਵਾ ਦੀ ਮੁਹਿੰਮ ਲੋੜਵੰਦਾਂ ਲਈ ਵਰਦਾਨ ਸਾਬਿਤ ਹੋਣ ਲੱਗ ਪਈ ਹੈ। ਆਪਣੀ ਤਨਖਾਹ ਵਿੱਚੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਮਦਦ ਲਈ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਨ ਵਾਲੇ ਸ੍ਰੀ ਸਿੱਧੂ ਦੇ ਇਸ ਉਦਮ ਤੋਂ ਪ੍ਰਭਾਵਿਤ ਹੋ ਕੇ ਸੂਬੇ ਦੇ ਨਾਮੀ ਉਦਯੋਗਪਤੀਆਂ ਨੇ ਮਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਦਿਨੀਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਵੱਲੋਂ 21 ਲੱਖ ਰੁਪਏ ਦੀ ਮਦਦ ਦੇ ਐਲਾਨ ਤੋਂ ਬਾਅਦ ਅੱਜ ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ ਆਰ ਸ਼ਰਮਾ ਨੇ ਧੂਰੀ ਵਿਧਾਨ ਸਭਾ ਹਲਕੇ ਅੰਦਰ ਆਉਂਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਦੀ ਫ਼ੀਸ ਦੇਣ ਦਾ ਐਲਾਨ ਕੀਤਾ ਹੈ।
ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕਮਿਊਨਿਟੀ ਪੁਲਿਸਿੰਗ ਦੀ ਇੱਕ ਪਹਿਲਕਦਮੀ ‘ਪੜ੍ਹਦਾ ਪੰਜਾਬ’ ਤਹਿਤ ਰਾਇਸੀਲਾ ਗਰੁੱਪ ਵੱਲੋਂ ਆਪਣੇ ਸੀ.ਐਸ.ਆਰ ਫੰਡ ਵਿੱਚੋਂ ਹਰ ਸਾਲ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਦੀ ਫ਼ੀਸ ਭਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ 8ਵੀਂ ਜਮਾਤ ਤੱਕ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਪਹਿਲਾਂ ਹੀ ਮੁਫ਼ਤ ਹੈ।
ਇਸ ਮੌਕੇ ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ. ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਜਾ ਰਹੇ ਸਾਫ਼ ਸੁਥਰੇ ਪ੍ਰਸ਼ਾਸਨ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਇਸੇ ਕਰਕੇ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੜ੍ਹਾਈ ਤੋਂ ਬਿਨਾ ਬੇਰੁਜ਼ਗਾਰੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਧੂਰੀ ਅਧੀਨ ਆਉਂਦੇ ਲਗਭਗ 13 ਸਕੂਲਾਂ ਦੇ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਫ਼ੀਸ ਭਰਨ ਲਈ ਕਰੀਬ 25 ਲੱਖ ਰੁਪਏ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਉਹ ਮੌਜੂਦਾ ਸਾਲ ਸਮੇਤ ਅਗਲੇ ਸਾਲਾਂ ਵਿੱਚ ਵੀ ਇਹ ਫੀਸ ਭਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਟਰੀ ਡਿਸਟ੍ਰਿਕਟ ਗਵਰਨਰ 2023-24 ਅਤੇ ਸਾਬਕਾ ਪ੍ਰਧਾਨ ਸੰਗਰੂਰ ਡਿਸਟ੍ਰਿਕਟ ਇੰਡਸਟ੍ਰੀਅਲ ਚੈਂਬਰ ਘਨਸ਼ਿਆਮ ਕਾਂਸਲ ਵੀ ਮੌਜੂਦ ਸਨ।