ਖਰੀਦ ਦੀ ਤੁਰੰਤ ਬਹਾਲੀ ਨੂੰ ਯਕੀਨੀ ਬਣਾਓ   :   ਮੁੱਖ ਮੰਤਰੀ

0

ਅਧਿਕਾਰੀਆਂ ਨੇ ਐਮਰਜੈਂਸੀ ਮੀਟਿੰਗ ਬੁਲਾਈ

ਸੂਬੇ ਦੇ ਮੌਜੂਦ ਸਾਰੇ ਵਸੀਲਿਆਂ ਨੂੰ ਅਮਲ ਵਿਚ ਲਿਆਉਣ ਲਈ ਕਿਹਾ

ਚੰਡੀਗੜ੍ਹ,   14  ਅਪ੍ਰੈਲ  2022   :    ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜ ਦੀਆਂ ਖਰੀਦ ਏਜੰਸੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਰੁਕਣ ਦੇ ਕੁਝ ਘੰਟਿਆਂ ਅੰਦਰ ਮੰਡੀਆਂ ਦੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀ ਭਲਾਈ ‘ਤੇ ਜ਼ੋਰ ਦਿੱਤਾ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਖਰਾਬ ਮੌਸਮ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ।

ਗੌਰਤਲਬ ਹੈ ਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਈ ਹੈ, ਜਿਸ ਕਾਰਨ ਭਲਕੇ ਮੰਡੀਆਂ ਦੇ ਕੰਮਕਾਜ ਵਿੱਚ ਅਸਥਾਈ ਤੌਰ ਉੱਤੇ ਵਿਘਨ ਪੈਣ ਦੀ ਸੰਭਾਵਨਾ ਹੈ।

ਇਸੇ ਦੌਰਾਨ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਮੰਡੀ ਬੋਰਡ, ਮਾਰਕਫੈੱਡ, ਪਨਸਪ, ਐਫ.ਸੀ.ਆਈ ਅਤੇ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਦੇਰ ਸ਼ਾਮ ਮੀਟਿੰਗ ਕਰਕੇ ਰਾਜ ਦੇ ਬਹੁਤੇ ਹਿੱਸਿਆਂ ਵਿੱਚ ਮੌਜੂਦਾ ਪ੍ਰਤੀਕੂਲ ਮੌਸਮੀ ਪ੍ਰਸਥਿਤੀਆਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਵਿਸਤ੍ਰਿਤ ਯੋਜਨਾ ਉਲੀਕੀ।

ਬੁਲਾਰੇ ਨੇ ਖੁਲਾਸਾ ਕੀਤਾ ਕਿ ਅਧਿਕਾਰੀਆਂ ਵਿਚਕਾਰ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਇੱਕ ਵਿਸਥਾਰਤ ਕਾਰਜ ਯੋਜਨਾ ਉਲੀਕੀ ਗਈ ਹੈ ਅਤੇ ਮੰਡੀ ਬੋਰਡ ਨੂੰ ਸੂਬੇ ਵਿੱਚ ਸਾਰੇ ਉਪਲਬਧ ਸਰੋਤਾਂ ਦੀ ਤਾਇਨਾਤੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੰਡੀ ਯਾਰਡ ਦੇ ਅੰਦਰੋਂ ਕੋਈ ਵੀ ਰੁਕਿਆ ਹੋਇਆ ਪਾਣੀ ਮੀਂਹ ਦੇ ਰੁਕਣ ਦੇ ਕੁਝ ਸਮੇਂ ਦੇ ਅੰਦਰ ਅੰਦਰ ਬਾਹਰ ਕੱਢਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਮੰਡੀ ਬੋਰਡ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਮਾਰਕੀਟ ਕਮੇਟੀਆਂ ਜੰਗੀ ਪੱਧਰ ‘ਤੇ ਸਮੱਸਿਆ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਮਨੁੱਖੀ ਸ਼ਕਤੀ ਅਤੇ ਪੰਪਿੰਗ ਸੈੱਟ ਤਾਇਨਾਤ ਕੀਤੀ ਜਾਵੇ। ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਕੋਲ ਉਪਲਬਧ ਪੰਪਿੰਗ ਸੈੱਟਾਂ ਨੂੰ ਵੀ ਇਨ੍ਹਾਂ ਕਾਰਜਾਂ ਵਿੱਚ ਸਹਾਇਤਾ ਲਈ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਰਾਜ ਖਰੀਦ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਧਿਕਾਰੀ ਸਵੇਰੇ-ਸਵੇਰੇ ਮੰਡੀਆਂ ਦਾ ਦੌਰਾ ਕਰਨ ਅਤੇ ਨਿੱਜੀ ਤੌਰ ‘ਤੇ ਕਿਸਾਨਾਂ ਨੂੰ ਮਿਲਣ ਅਤੇ ਉਨ੍ਹਾਂ ਨੂੰ ਖਰੀਦਦਾਰੀ ਜਲਦੀ ਮੁੜ ਸ਼ੁਰੂ ਕਰਨ ਦਾ ਭਰੋਸਾ ਦਿਵਾਉਣ।

ਮੰਡੀਆਂ ਵਿੱਚ ਪਏ ਸਟਾਕ ਦੀ ਸੁਰੱਖਿਆ ਦੇ ਸਬੰਧ ਵਿੱਚ ਬੁਲਾਰੇ ਨੇ ਦੱਸਿਆ ਕਿ ਸਟਾਕ ਨੂੰ ਤਰਪਾਲਾਂ ਨਾਲ ਢਕਿਆ ਗਿਆ ਹੈ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਕਿ ਸੈਕਟਰ ਅਫਸਰ ਮੰਡੀਆਂ ਵਿੱਚ ਪਈਆਂ ਸਾਰੀਆਂ ਜਿਣਸਾਂ ਦੀ ਵਿਵਹਾਰਿਕ ਤੌਰ ‘ਤੇ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਮੰਡੀਆਂ ਵਿੱਚ ਪਈ ਸਾਰੀ ਜਿਣਸ ਨੂੰ ਢਕ ਕੇ ਮੀਂਹ ਅਤੇ ਧੂੜ ਭਰੀਆਂ ਹਵਾਵਾਂ ਤੋਂ ਸੁਰੱਖਿਅਤ ਰੱਖਿਆ ਜਾਵੇ।

About The Author

Leave a Reply

Your email address will not be published. Required fields are marked *