ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੰਨਾ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਜਾਇਜ਼ਾ
ਸੂਬੇ ਵਿਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ
ਖੰਨਾ/ ਲੁਧਿਆਣਾ, 8 ਅਪਰੈਲ 2022 : ਸੂਬੇ ਵਿੱਚ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤੇ ਕਿਸਾਨਾਂ ਸਮੇਤ ਕਣਕ ਦੀ ਖ਼ਰੀਦ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ। ਇਹ ਗੱਲ ਮੁੱਖ ਮੰਤਰੀ, ਪੰਜਾਬ, ਭਗਵੰਤ ਮਾਨ ਨੇ ਅਨਾਜ ਮੰਡੀ, ਖੰਨਾ ਵਿੱਚ ਕਣਕ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਆਖੀ।
ਇਸ ਮੌਕੇ ਮੈਸ. ਖੁਸ਼ੀ ਰਾਮ ਐਂਡ ਕੰਪਨੀ ਦੇ ਫੜ ‘ਤੇ ਰਾਜਵੰਤ ਕੌਰ ਪਤਨੀ ਸ੍ਰੀ ਕੁਲਵੰਤ ਸਿੰਘ ਭਾਦਲਾ ਦੀ ਕਣਕ ਦੀ ਨਮੀ 11.8 ਚੈੱਕ ਕੀਤੀ ਗਈ ਅਤੇ ਉਕਤ 50 ਕੁਇੰਟਲ ਢੇਰੀ ਦੀ ਖਰੀਦ ਪੰਜਾਬ ਵੇਅਰ ਹਾਊਸ ਏਜੰਸੀ ਵੱਲੋਂ ਕੀਤੀ ਗਈ ਅਤੇ ਅਦਾਇਗੀ ਵੀ ਤੁਰੰਤ ਕਿਸਾਨ ਨੂੰ ਆਨਲਾਈਨ ਕਰ ਦਿੱਤੀ ਗਈ। ਇਸ ਸਮੇਂ ਸਕੱਤਰ, ਖ਼ੁਰਾਕ ਤੇ ਸਿਵਲ ਸਪਲਾਈ, ਸ੍ਰੀ ਗੁਰਕਿਰਤ ਕਿਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਮੁੱਖ ਮੰਤਰੀ ਨੂੰ ਖਰੀਦ ਦੇ ਪੁਖ਼ਤਾ ਅਤੇ ਮੁਕੰਮਲ ਪ੍ਰਬੰਧ ਕੀਤੇ ਹੋਣ ਬਾਰੇ ਜਾਣੂ ਕਰਵਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਕਣਕ ਥੋੜੀ ਪਛੜ ਕੇ ਆਈ ਹੈ ਤੇ ਝਾੜ ਵੀ ਘਟ ਹੈ ਪਰ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਸੂਬੇ ਵਿਚ 2262 ਮੰਡੀਆਂ ਹਨ, ਜਿਨ੍ਹਾਂ ਵਿਚ 1862 ਪੱਕੀਆਂ ਹਨ ਤੇ 400 ਆਰਜ਼ੀ ਹਨ, ਜਿਹੜੀਆਂ ਕਰੋਨਾ ਵੇਲੇ ਬਣਾਈਆਂ ਗਈਆਂ ਸਨ ਤੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸੂਬੇ ਦੀਆਂ ਮੰਡੀਆਂ ਵਿੱਚ ਵਾਰ 135 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਦੀ ਆਸ ਹੈ।
ਖੰਨਾ ਮੰਡੀ ਵਿੱਚ ਲਗਭਗ 97,000 ਐਮ.ਟੀ. ਕਣਕ ਦੇ ਆਉਣ ਦਾ ਅਨੁਮਾਨ ਹੈ, ਜਦ ਕਿ ਜ਼ਿਲ੍ਹਾ ਲੁਧਿਆਣਾ ਵਿੱਚ 9.24 ਲੱਖ ਐਮ.ਟੀ. ਕਣਕ ਦੇ ਆਉਣ ਦਾ ਅਨੁਮਾਨ ਹੈ।
ਭਗਵੰਤ ਮਾਨ ਨੇ ਦੱਸਿਆ ਕਿ ਯੂਕ੍ਰੇਨ ਦੇ ਹਾਲਾਤ ਕਾਰਨ ਕਣਕ ਦੀ ਮੰਗ ਵਧੀ ਹੈ ਤੇ ਵਪਾਰੀਆਂ ਵੱਲੋਂ ਐਮ. ਐਸ. ਪੀ. ਤੋਂ ਵੱਧ ਭਾਅ ਉੱਤੇ ਕਣਕ ਖਰੀਦੀ ਜਾ ਰਹੀ ਹੈ। ਸਰਕਾਰ ਦੀਆਂ ਮੰਡੀਆਂ ਵਿੱਚੋਂ ਟੈਕਸ ਭਰ ਕੇ ਵਪਾਰੀਆਂ ਵਲੋਂ ਨਿਰਵਿਘਨ ਕਣਕ ਖਰੀਦੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਫਸਲ ਦਾ ਸਮਾਂ ਬੱਧ ਢੰਗ ਨਾਲ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ। ਸਰਕਾਰ ਵੱਲੋਂ ਮੰਡੀਆਂ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ।
ਭਗਵੰਤ ਮਾਨ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਟਰਾਂਸਪੋਰਟ, ਭੁਗਤਾਨ, ਬਾਰਦਾਨੇ ਤੇ ਲਿਫਟਿੰਗ ਸਬੰਧੀ ਕੋਈ ਦਿੱਕਤ ਨਾ ਆਵੇ ਤੇ ਅੰਨਦਾਤੇ ਨੂੰ ਅੰਨਦਾਤਾ ਸਮਝਿਆ ਜਾਵੇ। ਹੁਣ ਤੱਕ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਰੋਲਿਆ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਦੀਵਾਲੀਆਂ ਤੇ ਦਸਹਿਰੇ ਮੰਡੀਆਂ ਵਿੱਚ ਫ਼ਸਲਾਂ ਕੋਲ ਬੈਠ ਕੇ ਹੀ ਬੀਤਦੇ ਰਹੇ। ਉਹਨਾਂ ਕਿਹਾ ਕਿ ਹੁਣ ਇਹ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ ਤੇ ਜ਼ਮਾਨਾ ਨਵਾਂ ਆਗਿਆ ਹੈ।
ਸ਼੍ਰੀ ਮਾਨ ਨੇ ਦੱਸਿਆ ਕਿ ਮੰਡੀਆਂ ਵਿੱਚ ਪਾਣੀ, ਲਾਈਟਾਂ, ਬੈਠਣ, ਪਖਾਨਿਆਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਤੋਂ ਬਾਹਰੋਂ ਕਣਕ ਦੀ ਆਮਦ ਨਾ ਹੋਵੇ, ਇਸ ਸਬੰਧੀ ਵੀ ਸਖ਼ਤ ਕਦਮ ਚੁੱਕੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਗੱਲ ਯਕੀਨੀ ਬਣਾਈ ਜਾ ਰਹੀ ਹੈ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ ਅਤੇ ਖਰੀਦ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਐਮ.ਐਲ. ਏ. ਸ੍ਰੀ ਤਰਨਪ੍ਰੀਤ ਸਿੰਘ ਸੌਂਧ , ਵਿੱਤ ਕਮਿਸ਼ਨਰ ਖੇਤੀਬਾੜੀ ਤੇ ਕਿਸਾਨ ਭਲਾਈ, ਡੀ.ਕੇ. ਤਿਵਾੜੀ, ਡਿਪਟੀ ਡਾਇਰੈਕਟਰ (ਫੀਲਡ) ਸ੍ਰੀ ਮੁਨੀਸ਼ ਨਰੂਲਾ, ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਲੁਧਿਆਣਾ (ਵੈਸਟ) ਸ੍ਰੀਮਤੀ ਹਰਵੀਨ ਕੌਰ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਈਸਟ) ਸ੍ਰੀਮਤੀ ਸ਼ਿਫਾਲੀ ਚੋਪੜਾ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।