ਸ਼ਹਿਰ ’ਚ ਬਿਨ੍ਹਾਂ ਕਿਸੇ ਭੇਦ-ਭਾਵ ਨਾਲ ਕਰਵਾਏ ਜਾਣਗੇ ਵਿਕਾਸ ਕਾਰਜ : ਬ੍ਰਮ ਸ਼ੰਕਰ ਜਿੰਪਾ

– ਕੈਬਨਿਟ ਮੰਤਰੀ ਨੇ 22 ਲੱਖ 89 ਹਜ਼ਾਰ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 32 ਦੇ ਮੁਹੱਲਾ ਜਗਤਪੁਰਾ ’ਚ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 7 ਅਪ੍ਰੈਲ 2022 : ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਬਿਨ੍ਹਾਂ ਕਿਸੇ ਭੇਦ-ਭਾਵ ਦੇ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਵਿਚ ਉਨ੍ਹਾਂ ਨੂੰ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਪਵੇਗੀ । ਉਹ ਅੱਜ ਵਾਰਡ ਨੰਬਰ 32 ਦੇ ਮੁਹੱਲਾ ਜਗਤਪੁਰਾ ਵਿਚ 22 ਲੱਖ 89 ਹਜ਼ਾਰ ਰੁਪਏ ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜਾਂ ਦੀਆਂ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਇਲਾਕੇ ਦੇ ਕੌਂਸਲਰ ਸਮੇਤ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨਾਲ ਮਿਲ ਕੇ ਸ਼ਹਿਰ ਵਿਚ ਵਿਕਾਸ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਲੋਕਾਂ ਦੀਆਂ ਸਮੱਸਿਆ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾਣਗੇ ਤਾਂ ਜੋ ਸਹੀ ਅਰਥਾਂ ਵਿਚ ਲੋਕਾਂ ਨੂੰ ਇਨ੍ਹਾਂ ਕੰਮਾਂ ਦਾ ਲਾਭ ਹੋ ਸਕੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਕਿਹਾ ਕਿ ਵਿਕਾਸ ਕੰਮਾਂ ਵਿਚ ਕੁਆਲਟੀ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਨਤਾ ਦੇ ਟੈਕਸ ਦੇ ਪੈਸੇ ਨੂੰ ਵਿਕਾਸ ਕੰਮਾਂ ਵਿਚ ਸਹੀ ਤਰੀਕੇ ਨਾਲ ਖਰਚ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।
ਇਸ ਮੌਕੇ ਸਾਬਕਾ ਕੌਂਸਲਰ ਮੋਹਨ ਲਾਲ ਪਹਿਲਵਾਨ, ਸੰਦੀਪ ਸੈਣੀ, ਵਰਿੰਦਰ ਸ਼ਰਮਾ ਬਿੰਦੂ, ਬਲਵੀਰ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।