ਪੰਜਾਬ ਦੇ ਦੁੱਧ ਉਤਪਾਦਕਾਂ ਲਈ ਖੁਸ਼ ਖਬਰ  :  ਸਹਿਕਾਰਤਾ ਮੰਤਰੀ ਚੀਮਾ ਵੱਲੋਂ ਦੁੱਧ ਦੀਆਂ ਖਰੀਦ ਕੀਮਤਾਂ ਵਿਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧੇ ਦਾ ਐਲਾਨ

0

ਚੰਡੀਗੜ੍ਹ,   31   ਮਾਰਚ  2022  :  ਪੰਜਾਬ ਦੇ ਸਹਿਕਾਰਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਅੱਜ ਇਕ ਖੁਸ਼ ਖਬਰ ਦਾ ਐਲਾਨ ਕੀਤਾ ਹੈ। 1 ਅਪ੍ਰੈਲ, 2022 ਤੋਂ ਦੁੱਧ ਦੀ ਖਰੀਦ ਕੀਮਤ ਵਿਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਦੇ ਨਾਲ-ਨਾਲ ਪਸ਼ੂ ਖੁਰਾਕ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨਾਲ ਦੁੱਧ ਉਤਪਾਦਕਾਂ ਦਾ ਮੁਨਾਫਾ ਘੱਟ ਰਿਹਾ ਸੀ, ਜਿਸ ਕਰਕੇ ਮਿਲਕਫੈਡ ਵਲੋਂ ਆਪਣੇ ਨਾਲ ਜੁੜੇ 2.5 ਲੱਖ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਦੀ ਬਿਹਤਰੀ ਲਈ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਦੁੱਧ ਦੀ ਖਰੀਦ ਕੀਮਤ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਿਲਕਫੈਡ ਨੇ 1 ਮਾਰਚ, 2022 ਨੂੰ ਦੁੱਧ ਖਰੀਦ ਰੇਟ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਸੀ। ਸਹਿਕਾਰਤਾ ਮੰਤਰੀ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਵੇਰਕਾ ਦੀਆਂ ਪਿੰਡ ਪੱਧਰੀ ਦੁੱਧ ਸਹਿਕਾਰੀ ਸਭਾਵਾਂ ਨਾਲ ਜੁੜਨ ਅਤੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋਣ।

ਇਸ ਫੈਸਲੇ ਸਬੰਧੀ ਵਧੀਕ ਮੁੱਖ ਸਕੱਤਰ, ਸਹਿਕਾਰਤਾ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਮਿਲਕਫੈਡ ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਦੀ ਹਮੇਸ਼ਾਂ ਬਾਂਹ ਫੜਦਾ ਆ ਰਿਹਾ ਹੈ। ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਜਦੋਂ ਪ੍ਰਾਈਵੇਟ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਸੀ ਅਤੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਨਾ ਸਿਰਫ ਸਾਰਾ ਦੁੱਧ ਹੀ ਖਰੀਦਿਆਂ ਸਗੋਂ ਦੁੱਧ ਦੇ ਖਰੀਦ ਭਾਅ ਵੀ ਨਹੀਂ ਘਟਾਏ। ਉਨ੍ਹਾਂ ਕਿਹਾ ਕਿ ਮਿਲਕਫੈਡ ਹਮੇਸ਼ਾ ਤੋਂ ਇਹ ਕੋਸ਼ਿਸ਼ ਕਰਦਾ ਆ ਰਿਹਾ ਹੈ ਕਿ ਦੁੱਧ ਉਤਪਾਦਕਾਂ ਦੇ ਉਤਪਾਦਨ ਵਿਚ ਵਾਧਾ ਹੋਵੇ ਅਤੇ ਚੰਗੀ ਕੁਆਲਿਟੀ ਦਾ ਦੁੱਧ ਪੈਦਾ ਕੀਤਾ ਜਾਵੇ ਤਾਂ ਜੋ ਉਪਭੋਗਤਾ ਨੂੰ ਵੀ ਉੱਤਮ ਕੁਆਲਿਟੀ ਦਾ ਵੇਰਕਾ ਦੁੱਧ ਮਿਲਦਾ ਰਹੇ।

ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ ਅਰੁਣ ਸੇਖੜੀ ਨੇ ਕਿਹਾ ਕਿ ਦੁੱਧ ਦੇ ਭਾਅ ਵਧਾਉਣ ਨਾਲ ਨਾ ਸਿਰਫ ਮੌਜੂਦਾ ਦੁੱਧ ਉਤਪਾਦਕਾਂ ਨੂੰ ਲਾਭ ਹੋਵੇਗਾ, ਸਗੋਂ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਵੀ ਇਸ ਧੰਦੇ ਨੂੰ ਅਪਣਾਉਣਗੇ।

ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਹਮੇਸ਼ਾ ਆਪਣੇ ਦੁੱਧ ਉਤਪਾਦਕ ਕਿਸਾਨਾਂ ਨੂੰ ਉੱਤਮ ਕੁਆਲਿਟੀ ਦਾ ਦੁੱਧ ਪੈਦਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਮਿਲਕਫੈਡ ਵਲੋਂ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਦੂਜੇ ਗੁਆਂਢੀ ਰਾਜਾਂ ਤੋਂ ਵੱਧ ਕੀਮਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੇਰਕਾ ਆਪਣੇ ਖਪਤਕਾਰਾਂ ਨੂੰ ਲਗਾਤਾਰ ਉੱਤਮ ਕੁਆਲਿਟੀ ਦੇ ਦੁੱਧ ਪਦਾਰਥ ਮੁਹੱਈਆ ਕਰਾਉਣ ਲਈ ਵਚਨਬੱਧ ਹੈ।

About The Author

Leave a Reply

Your email address will not be published. Required fields are marked *

You may have missed