ਮਾਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਫਗਵਾੜਾ ਨੂੰ ਜ਼ਿਲ੍ਹਾ ਦਰਜਾ ਦੇਣ ਦੀ ਕੀਤੀ ਮੰਗ

ਫਗਵਾੜਾ, 23 ਮਾਰਚ 2022 : ਪੰਜਾਬ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੂੰ ਸੌਂਪੇ ਇੱਕ ਮੰਗ ਪੱਤਰ ਵਿੱਚ ਸ੍ਰੀ ਮਾਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਗਵਾੜਾ ਸੂਬੇ ਦਾ ਇੱਕ ਇਤਿਹਾਸਕ ਸ਼ਹਿਰ ਹੈ ਜਿਸ ਦੀ ਸਮਾਜਿਕ ਅਤੇ ਸਿਆਸੀ ਮਹੱਤਤਾ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਸੂਝਵਾਨ ਅਤੇ ਯੋਗ ਨਾਗਰਿਕਾਂ ਨੇ ਸੂਬੇ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ੍ਰੀ ਮਾਨ ਨੇ ਕਿਹਾ ਕਿ ਫਗਵਾੜਾ ਵਾਸੀਆਂ ਨੂੰ ਜ਼ਿਲ੍ਹੇ ਦੇ ਦਰਜੇ ਤੋਂ ਵਾਂਝਾ ਕਰਨਾ ਉਨ੍ਹਾਂ ਨਾਲ ਸਰਾਸਰ ਬੇਇਨਸਾਫ਼ੀ ਹੈ।
ਸਾਬਕਾ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਫਗਵਾੜਾ ਪੰਜਾਬ ਦਾ ਇੱਕ ਵੱਡਾ ਸ਼ਹਿਰ ਹੈ ਪਰ ਆਪਣੇ ਰੋਜ਼ਾਨਾ ਦੇ ਪ੍ਰਸ਼ਾਸਨਿਕ ਕੰਮਾਂ ਲਈ ਇਸ ਸ਼ਹਿਰ ਦੇ ਵਸਨੀਕਾਂ ਨੂੰ 70 ਕਿਲੋਮੀਟਰ ਤੋਂ ਵੱਧ ਦੂਰ-ਦੁਰਾਡੇ ਕਪੂਰਥਲਾ, ਜੋ ਕਿ ਇਸ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ, ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸਹੂਲਤ ਲਈ ਫਗਵਾੜਾ ਨੂੰ ਇਸ ਵਿੱਚ ਫਿਲੌਰ, ਗੁਰਾਇਆ, ਨਕੋਦਰ ਅਤੇ ਐਸ.ਬੀ.ਐਸ.ਨਗਰ ਦੇ ਕੁਝ ਹੋਰ ਹਿੱਸਿਆਂ ਨੂੰ ਸ਼ਾਮਲ ਕਰਕੇ ਜ਼ਿਲ੍ਹਾ ਬਣਾਇਆ ਜਾਵੇ।
ਸ੍ਰੀ ਮਾਨ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬਰਬਾਦੀ ਤੋਂ ਬਿਨਾਂ ਆਪਣੇ ਰੁਟੀਨ ਦੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਫਗਵਾੜਾ ਵਾਸੀਆਂ ਦੀ ਇਸ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।
ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਮਾਨ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਸਬੰਧ ਵਿੱਚ ਫਗਵਾੜਾ ਵਾਸੀਆਂ ਦੀ ਮੰਗ ਨੂੰ ਹਮਦਰਦੀ ਨਾਲ ਵਿਚਾਰੇਗੀ।